ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਫਿਲਹਾਲ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਫੈਸਲਾ ਬੀ ਸੀ ਸੀ ਆਈ ਵੱਲੋਂ ਅੱਜ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ। ਆਈ ਪੀ ਐਲ ਮੁਲਤਵੀ ਹੋਣ ਕਾਰਨ ਅੱਜ ਦਾ ਮੈਚ ਵੀ ਨਹੀਂ ਹੋਵੇਗਾ। ਬਾਕੀ ਫ਼ੈਸਲਾ ਅਗਲੇ ਹਫ਼ਤੇ ਕੀਤਾ ਜਾਵੇਗਾ।ਬੀ ਸੀ ਸੀ ਆਈ ਦੇ ਵਾਈਸ ਪ੍ਰੈਜ਼ੀਡੈਂਟ ਰਾਜੀਵ ਸ਼ੁਕਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੀਜ਼ਨ ਲਈ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਬੋਰਡ ਨੇ ਇਹ ਕਦਮ ਚੁੱਕਿਆ ਹੈ।ਜਿਕਰਯੋਗ ਹੈ ਕਿ ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸੋਮਵਾਰ 3 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਤੇ ਕੋਲਕਾਤਾ ਨਾਈਟਰਾਈਡਰਜ਼ ਦੇ ਮੁਕਾਬਲੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਅੱਜ ਹੈਦਰਾਬਾਦ ਦੇ ਵਿਕਟਕੀਪਰ ਰਿੱਧੀਮਾਨ ਸਾਹਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਮਿਲੀ ਹੈ। ਉੱਥੇ ਹੀ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਅਮਿਤ ਮਿਸ਼ਰਾ ਵੀ ਕੋਰੋਨਾ ਪ੍ਰਭਾਵਿਤ ਦੱਸੇ ਜਾ ਰਹੇ ਹਨ।