ਨਵੀਂ ਦਿੱਲੀ – ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁੰਦੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। 18 ਦਿਨਾਂ ਤਕ ਸਥਿਰ ਰਹਿਣ ਤੋਂ ਬਾਅਦ ਅੱਜ ਪੈਟਰੋਲ 15 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 18 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਪੈਟਰੋਲ 90.40 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 90.55 ਰੁਪਏ ਪ੍ਰਤੀ ਲੀਟਰ ਹੋ ਗਿਆ। ਮੁੰਬਈ ਵਿੱਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 96.95 ਰੁਪਏ ਹੋ ਗਈ ਹੈ। ਕੋਲਕਾਤਾ ਵਿਚ ਪੈਟਰੋਲ 90.76 ਰੁਪਏ ਵਿਚ ਵਿਕ ਰਿਹਾ ਹੈ, ਜਦਕਿ ਚੇਨਈ ਵਿਚ ਇਹ 92.55 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪਿਛਲੇ ਇਕ ਸਾਲ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਕਰਦਿਆਂ ਪੈਟਰੋਲ 21 ਰੁਪਏ ਮਹਿੰਗਾ ਹੋ ਗਿਆ ਹੈ। ਆਈ. ਓ. ਸੀ. ਦੀ ਵੈੱਬਸਾਈਟ ਦੇ ਅਨੁਸਾਰ 04 ਮਈ 2020 ਨੂੰ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਦਰ 69.59 ਰੁਪਏ ਸੀ। ਇਕ ਸਾਲ ਪਹਿਲਾਂ ਡੀਜ਼ਲ 62.29 ਰੁਪਏ ਪ੍ਰਤੀ ਲੀਟਰ ਸੀ।ਦਿੱਲੀ ਵਿਚ ਡੀਜ਼ਲ ਦੀ ਕੀਮਤ 18 ਪੈਸੇ ਵੱਧ ਕੇ 80.91 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿੱਚ ਡੀਜ਼ਲ ਦੀਆਂ ਕੀਮਤਾਂ 17 ਪੈਸੇ ਵੱਧ ਕੇ 89.88 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਕੋਲਕਾਤਾ ਵਿਚ ਡੀਜ਼ਲ ਦੀਆਂ ਕੀਮਤਾਂ 17 ਪੈਸੇ ਚੜ੍ਹ ਕੇ 83.78 ਰੁਪਏ ਪ੍ਰਤੀ ਲੀਟਰ ਹੋ ਗਈਆਂ। ਚੇਨੱਈ ਵਿਚ ਡੀਜ਼ਲ ਦੀ ਕੀਮਤ 17 ਪੈਸੇ ਵੱਧ ਕੇ 85.90 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਬੰਗਲੌਰ ਵਿੱਚ ਡੀਜ਼ਲ ਦੀ ਕੀਮਤ 21 ਪੈਸੇ ਵੱਧ ਕੇ 85.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕਈ ਸ਼ਹਿਰਾਂ ਵਿਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਚੁੱਕਿਆ ਹੈ।ਇਸ ਸਾਲ ਫਰਵਰੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 16 ਗੁਣਾ ਵਾਧਾ ਹੋਇਆ ਸੀ। ਇਸ ਤੋਂ ਬਾਅਦ, ਸਥਿਤੀ ਇਹ ਬਣ ਗਈ ਕਿ ਕਈ ਸ਼ਹਿਰਾਂ ਵਿਚ ਪੈਟਰੋਲ 100 ਰੁਪਏ ਲੀਟਰ ਜਾਂ ਇਸ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਪੈਟਰੋਲ ਅਜੇ ਵੀ 100 ਰੁਪਏ ਤੋਂ ਪਾਰ ਹੈ। ਮੱਧ ਪ੍ਰਦੇਸ਼ ਦੇ ਅਨੂਪੁਰ ਵਿਚ ਇਹ ਰੇਟ 101.15 ਰੁਪਏ ਪ੍ਰਤੀ ਲੀਟਰ ਹੈ। ਐਮ. ਪੀ. ਦੇ ਰੀਵਾ ਵਿਚ ਪੈਟਰੋਲ ਵੀ 100.79 ਰੁਪਏ ਪ੍ਰਤੀ ਲੀਟਰ ਹੈ।