ਮੁੰਬਈ – ਅਦਾਕਾਰਾ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਖ਼ਲ ਮਾਣਹਾਨੀ ਦੀ ਸ਼ਿਕਾਇਤ ’ਤੇ ਜਾਰੀ ਜ਼ਮਾਨਤੀ ਵਾਰੰਟਾਂ ਨੂੰ ਚੁਣੌਤੀ ਦਿੰਦਿਆਂ ਸੈਸ਼ਨ ਕੋਰਟ ਦਾ ਰੁਖ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਰਣੌਤ ਦੀ ਅਰਜ਼ੀ ’ਤੇ 15 ਮਾਰਚ ਨੂੰ ਸੁਣਵਾਈ ਹੋਵੇਗੀ। ਕੰਗਨਾ ਦੇ ਪੇਸ਼ ਨਾ ਹੋਣ ’ਤੇ ਅੰਧੇਰੀ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਨੇ ਪਹਿਲੀ ਮਾਰਚ ਨੂੰ ਉਸ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਪੁਲੀਸ ਨੇ ਅਖ਼ਤਰ ਦੀ ਸ਼ਿਕਾਇਤ ’ਤੇ ਰਿਪੋਰਟ ਜਮ੍ਹਾਂ ਕਰਾਉਂਦਿਆਂ ਕਿਹਾ ਸੀ ਕਿ ਕੰਗਨਾ ਖ਼ਿਲਾਫ਼ ਮੁੱਢਲੀ ਨਜ਼ਰ ’ਚ ਮਾਣਹਾਨੀ ਦਾ ਕੇਸ ਬਣਦਾ ਹੈ। ਜਾਵੇਦ ਅਖ਼ਤਰ ਨੇ ਕੰਗਨਾ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਝੂਠੇ ਬਿਆਨ ਦੇ ਕੇ ਉਨ੍ਹਾਂ ਦੇ ਰੁਤਬੇ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।