ਨਵੀਂ ਦਿੱਲੀ – ਇੱਕ ਸਵੀਡਿਸ਼ ਫਰਮ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਜੁੜੀ ਇੱਕ ਕੰਪਨੀ ਨੂੰ ਇੱਕ ਲਗਜ਼ਰੀ ਬੱਸ ਦੇਣ ਸਬੰਧੀ ਵਿਦੇਸ਼ੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਲੱਗੇ ਕੁਝ ਗੰਭੀਰ ਦੋਸ਼ਾਂ ਦੇ ਮਾਮਲੇ ਦੇ ਸਬੰਧ ’ਚ ਸੜਕ ਆਵਾਜਾਈ ਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਵੱਲੋਂ ਪਹਿਲਾਂ ਹੀ ਇਹ ਗੱਲ ਆਖੀ ਜਾ ਚੁੱਕੀ ਹੈ ਕਿ ਸ੍ਰੀ ਗਡਕਰੀ ਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਇਹ ਸਾਰੇ ਦੋਸ਼ ਜਾਣਬੁੱਝ ਕੇ ਲਾਏ ਗਏ ਹਨ ਜੋ ਬੇਬੁਨਿਆਦ ਤੇ ਆਧਾਰਹੀਣ ਹਨ। ਸ੍ਰੀ ਗਡਕਰੀ ਦੇ ਦਫ਼ਤਰ ਨੇ ਕਿਹਾ,‘ਉਨ੍ਹਾਂ ਦਾ ਕਿਸੇ ਵੀ ਬੱਸ ਦੀ ਖ਼ਰੀਦ ਜਾਂ ਵੇਚ ਨਾਲ ਜੁੜੀ ਕਿਸੇ ਵੀ ਫਰਮ ਜਾਂ ਵਿਅਕਤੀ ਵਿਸ਼ੇਸ਼ ਨਾਲ ਕੋਈ ਸਬੰਧ ਨਹੀਂ ਹੈ।’ ਦਫ਼ਤਰ ਨੇ ਕਿਹਾ ਕਿ ਉਹ ਸਕਾਨੀਆ ਕੰਪਨੀ ਦੇ ਬੁਲਾਰੇ ਵੱਲੋਂ ਦਿੱਤੇ ਸਪੱਸ਼ਟੀਕਰਨ ਦੇ ਮੱਦੇਨਜ਼ਰ ਮੀਡੀਆ ਤੇ ਖਾਸ ਕਰਕੇ ਵਿਦੇਸ਼ੀ ਮੀਡੀਆ ਨੂੰ ਬੇਨਤੀ ਕਰਦੇ ਹਨ ਕਿ ਉਹ ਸ੍ਰੀ ਗਡਕਰੀ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਨਿਰਆਧਾਰ ਦੋਸ਼ ਲਾਉਣ ਤੋਂ ਗੁਰੇਜ਼ ਕਰਨ। ਦਫ਼ਤਰ ਮੁਤਾਬਕ ਜੇਕਰ ਮੀਡੀਆ ਅਜਿਹੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰਦਾ ਤਾਂ ਸ੍ਰੀ ਗਡਕਰੀ ਤੇ ਉਨ੍ਹਾਂ ਦਾ ਪਰਿਵਾਰ ਆਪਣੀ ਸਾਖ਼ ਬਚਾਉਣ ਲਈ ਸਾਰੇ ਕਾਨੂੰਨੀ ਉਪਾਵਾਂ ਦਾ ਸਹਾਰਾ ਲੈਣਗੇ।