ਦੇਹਰਾਦੂਨ – ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ’ਚ ਅੱਜ ਨੰਦਾ ਦੇਵੀ ਗਲੇਸ਼ੀਅਰ ’ਚੋਂ ਬਰਫ਼ ਦੇ ਵੱਡੇ ਤੋਦੇ ਡਿੱਗਣ ਕਰਕੇ ਆਈ ਜਲ-ਪਰਲੋ ਨੇ ਅਲਕਨੰਦਾ ਨਦੀ ਵਿੱਚ ਵੱਡੀ ਤਬਾਹੀ ਮਚਾਈ। ਹਾਲਾਂਕਿ ਹੜ੍ਹ ਦਾ ਪਾਣੀ ਮਗਰੋਂ ਧੌਲੀ ਗੰਗਾ, ਰਿਸ਼ੀ ਗੰਗਾ ਤੇ ਅਲਕਨੰਦਾ ਨਦੀਆਂ ਵਿੱਚ ਵੰਡਿਆ ਗਿਆ। ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਵਾਤਾਵਰਨ ਪੱਖੋਂ ਨਾਜ਼ੁਕ ਹਿਮਾਲਿਆ ਦੀਆਂ ਉਪਰਲੀਆਂ ਟੀਸੀਆਂ ਨੂੰ ਵੱਡਾ ਨੁਕਸਾਨ ਪੁੱਜਾ ਤੇ ਨਦੀ ਕੰਢੇ ਬਣੇ ਘਰ ਤਬਾਹ ਹੋ ਗਏ। ਇਸ ਘਟਨਾ ਕਰਕੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦੋਂ ਕਿ ਐੱਨਟੀਪੀਸੀ ਤਪੋਵਨ ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਨੂੰ ਵੀ ਨੁਕਸਾਨ ਪੁੱਜਾ। ਸੁਰੰਗਾਂ ਵਿੱਚ ਪਾਣੀ ਭਰਨ ਨਾਲ ਇਸ ਵਿੱਚ ਕੰਮ ਕਰ ਰਹੇ ਵੱਡੀ ਗਿਣਤੀ ਮਜ਼ਦੂਰ ਫਸ ਗਏ। 100 ਤੋਂ ਵੱਧ ਮਜ਼ਦੂਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਾਲ ਦੀ ਘੜੀ ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ 125 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪ੍ਰਾਜੈਕਟ ’ਚ ਲੱਗੇ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਬੇ ਦੇ ਪੁਲੀਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਪਰ ਨਦੀਆਂ ਵਿੱਚ ਇੱਕੋ ਦਮ ਆਏ ਹੜ੍ਹ ਕਰਕੇ ਦੋਵੇਂ ਪਣਬਿਜਲੀ ਪ੍ਰਾਜੈਕਟ ਇਸ ਦੇ ਵਹਾਅ ਵਿੱਚ ਰੁੜ ਗਏ। ਇਹਤਿਆਤ ਵਜੋਂ ਕਈ ਪਿੰਡਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪੲ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਰਵੇਂਦਰ ਰਾਵਤ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।