ਸੀਧੀ – ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦੇ ਰਾਮਪੁਰਨੈਕਿਨ ਥਾਣਾ ਖੇਤਰ ਵਿੱਚ ਅੱਜ ਸਵੇਰੇ ਬਾਣਸਾਗਰ ਬੰਨ੍ਹ ਪ੍ਰੋਜੈਕਟ ਨਾਲ ਜੁੜੀ ਨਹਿਰ ਵਿੱਚ ਬੱਸ ਦੇ ਡਿੱਗਣ ਕਾਰਨ 37 ਯਾਤਰੀਆਂ ਦੀ ਮੌਤ ਹੋ ਗਈ ਅਤੇ 7 ਹੋਰ ਨੂੰ ਸੁੱਰਖਿਅਤ ਬਚਾ ਲਿਆ ਗਿਆ। ਰਵੀ ਸੰਭਾਗ ਕਮਿਸ਼ਨਰ ਰਾਜੇਸ਼ ਜੈਨ ਨੇ ਦੱਸਿਆ ਕਿ ਨਹਿਰ ਵਿੱਚ ਹਾਦਸੇ ਵਾਲੀ ਥਾਂ ਤੋਂ ਬੱਸ ਨੂੰ ਵੀ ਕੱਢ ਲਿਆ ਗਿਆ ਹੈ। ਕੁੱਲ 37 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ 16 ਔਰਤਾਂ, 20 ਪੁਰਸ਼ ਅਤੇ ਇਕ ਬੱਚਾ ਸ਼ਾਮਲ ਹੈ। 7 ਵਿਅਕਤੀ ਸ਼ੁਰੂਆਤ ਵਿੱਚ ਹੀ ਕਿਸੇ ਤਰ੍ਹਾਂ ਨਹਿਰ ਵਿਚੋਂ ਤੈਰ ਕੇ ਨਿਕਲ ਆਏ ਸਨ। ਉਹਨਾਂ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਲਗਭਗ ਪੂਰਾ ਹੋ ਗਿਆ ਹੈ। ਸ੍ਰੀ ਜੈਨ ਨੇ ਕਿਹਾ ਕਿ ਸੀਧੀ ਜ਼ਿਲ੍ਹਾ ਹੈਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦਾ ਅਮਲਾ ਪਹੁੰਚ ਗਿਆ ਸੀ।ਉਹ ਖ਼ੁਦ ਸਵੇਰੇ 9 ਵਜੇ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮ ਹੋਰ ਤੇਜ਼ ਕੀਤਾ ਗਿਆ। ਇਸ ਵਿਚ ਪੁਲੀਸ ਸੂਤਰਾਂ ਨੇ ਦੱਸਿਆ ਕਿ ਯਾਤਰੀ ਬੱਸ ਵਿੱਚ ਲਗਭਗ 50 ਯਾਤਰੀ ਸਵਾਰ ਸਨ। ਬਾਣਸਾਗਰ ਬੰਨ੍ਹ ਤਾਲਾਬ ਨਾਲ ਜੁੜੀ ਇਸ ਨਹਿਰ ਵਿੱਚ 20 ਫੁੱਟ ਤੋਂ ਵੱਧ ਪਾਣੀ ਭਰਿਆ ਹੋਣ ਦੀਆਂ ਸੂਚਨਾਵਾਂ ਹਨ, ਹਾਲਾਂਕਿ ਤਾਲਾਬ ਤੋਂ ਪਾਣੀ ਛੱਡਣ ਦਾ ਕੰਮ ਬੰਦ ਕਰਵਾ ਦਿੱਤਾ ਗਿਆ, ਜਿਸ ਨਾਲ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋ ਸਕੇ ਅਤੇ ਰਾਹਤ ਤੇ ਬਚਾਅ ਕੰਮ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। ਹਾਦਸਾ ਜ਼ਿਲ੍ਹਾ ਹੈਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹੋਇਆ ਹੈ ਅਤੇ ਕੁਝ ਯਾਤਰੀਆਂ ਨੂੰ ਕਢ ਕੇ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਬੱਸ ਸਵੇਰੇ ਸੀਧੀ ਤੋਂ ਰਵਾਨਾ ਹੋਈ ਸੀ ਅਤੇ ਇਹ ਸਤਨਾ ਜਾ ਰਹੀ ਸੀ। ਸਵੇਰੇ ਲਗਭਗ 8 ਵਜੇ ਛੁਹੀਆ ਘਾਟੀ ਵਿੱਚ ਜਾਮ ਲੱਗਿਆ ਹੋਣ ਕਾਰਨ ਬੱਸ ਨੇੜੇ ਹੀ ਸਥਿਤ ਦੂਜੇ ਮਾਰਗ ਤੋਂ ਸਤਨਾ ਵੱਲ ਰਵਾਨਾ ਹੋਈ ਅਤੇ ਬਾਣਸਾਗਰ ਬੰਨ੍ਹ ਪ੍ਰੋਜੈਕਟ ਦੀ ਨਹਿਰ ਵਿੱਚ ਜਾ ਡਿੱਗੀ।