ਤਿਰੂਪਤੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਵਿਅਕਤੀ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਤੇ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਨੇ ਸਭ ਕੁਝ ਸਿੱਖ ਲਿਆ ਹੈ।ਇੱਥੋਂ 130 ਕਿਲੋਮੀਟਰ ਦੂਰ ਮਦਨਪੱਲੇ ਵਿਚ ਸ੍ਰੀ ਐਮ ਦੇ ‘ਸਤਿਸੰਗ ਫਾਊਂਡੇਸ਼ਨ ਆਸ਼ਰਮ’ ਵਿਚ ਯੋਗ ਵਿਸ਼ੇ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜੀਵਨ ਚੁਣੌਤੀਆਂ ਨਾਲ ਭਰਿਆ ਹੋਇਆ ਹੈ ਤੇ ਯੋਗ ਇਨ੍ਹਾਂ ਤੋਂ ਪਾਰ ਪਾਉਣ ਵਿਚ ਸਹਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਦੂਜਿਆਂ ਨੂੰ ਹਮੇਸ਼ਾ ਸਿੱਖਦੇ ਰਹਿਣ ਲਈ ਪ੍ਰੇਰਦੇ ਹਨ। ਇਸ ਤੋਂ ਪਹਿਲਾਂ ਮਦਨਪੱਲੇ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਆਪਣੇ ਕੈਬਨਿਟ ਸਹਿਯੋਗੀਆਂ ਨਾਲ ਕੋਵਿੰਦ ਦਾ ਸਵਾਗਤ ਕੀਤਾ। ਕੋਵਿੰਦ ਨੇ ਕਿਹਾ ਕਿ ਜ਼ਿੰਦਗੀ ਵਿਚ ਨਿੱਜੀ ਤੇ ਪੇਸ਼ੇਵਰ ਚੁਣੌਤੀਆਂ ਦਾ ਟਾਕਰਾ ਕਰਨ ਵਿਚ ਯੋਗ ਸਹਾਇਕ ਹੈ।ਬੰਗਲੁਰੂ ਵਿਚ ਰਾਜੀਵ ਗਾਂਧੀ ਮੈਡੀਕਲ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਖੇਤਰ ਦੇ ਵਿਕਾਸ ਲਈ ਸਾਰੇ ਹਿੱਤਧਾਰਕਾਂ ਦੀ ਸਰਗਰਮ ਸ਼ਮੂਲੀਅਤ ਲੋੜੀਂਦੀ ਹੈ। ਉਨ੍ਹਾਂ ਆਸ ਜਤਾਈ ਕਿ ਸੰਸਾਰ ਨੇ ਮਹਾਮਾਰੀ ਤੋਂ ਸਹੀ ਸਬਕ ਸਿੱਖੇ ਹੋਣਗੇ। ਕੋਵਿੰਦ ਨੇ ਕਿਹਾ ਕਿ ਸਿਹਤ ਸੰਭਾਲ ਖੇਤਰ ਵਿਚ ਇਕ ਇਕਾਈ ਹੀ ਨਤੀਜੇ ਨਹੀਂ ਦੇ ਸਕਦੀ, ਸਾਂਝੇ ਯਤਨ ਜ਼ਰੂਰੀ ਹਨ।