ਕੈਲੀਫੋਰਨੀਆ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ,ਡੀ.ਸੀ. ਵਿੱਚ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਦੀ ਭੀੜ ਦੁਆਰਾ ਕੈਪੀਟਲ ਇਮਾਰਤ ‘ਤੇ ਹਮਲਾ ਕਰਨ ਦੇ ਬਾਅਦ ਲੇਹ ਯੂਨੀਵਰਸਿਟੀ ਨੇ ਤਕਰੀਬਨ 30 ਸਾਲ ਪਹਿਲਾਂ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਦਿੱਤੀ ਆਨਰੇਰੀ ਡਿਗਰੀ ਨੂੰ ਖਾਰਜ਼ ਕਰ ਦਿੱਤਾ ਹੈ । ਪੈਨਸਿਲਵੇਨੀਆ ਦੇ ਬੈਥਲਹੇਮ ਦੀ ਇਸ ਨਿੱਜੀ ਯੂਨੀਵਰਸਿਟੀ ਲੇਹ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਲੇਹ ਯੂਨੀਵਰਸਿਟੀ ਟਰਸਟੀਜ਼ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਵੀਰਵਾਰ ਨੂੰ ਇੱਕ ਵਿਸ਼ੇਸ਼ ਸੈਸ਼ਨ ਵਿੱਚ, ਡੌਨਾਲਡ ਜੇ. ਟਰੰਪ ਨੂੰ 1988 ਵਿੱਚ ਦਿੱਤੀ ਗਈ ਆਨਰੇਰੀ ਡਿਗਰੀ ਨੂੰ ਵਾਪਸ ਅਤੇ ਰੱਦ ਕਰਨ ਲਈ ਵੋਟ ਦੇਣ ਉਪਰੰਤ ਯੂਨੀਵਰਸਿਟੀ ਦੇ ਬੋਰਡ ਆਫ ਟਰਸਟੀਜ਼ ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ਦੀ ਪੁਸ਼ਟੀ ਕੀਤੀ।ਯੂਨੀਵਰਸਿਟੀ “ਚ ਵਿਦਿਆਰਥੀਆਂ ਦੇ ਇੱਕ ਅਖਬਾਰ ਅਨੁਸਾਰ ਟਰੰਪ ਦੀ ਆਨਰੇਰੀ ਡਿਗਰੀ ਨੂੰ ਵਾਪਸ ਲੈਣ ਲਈ ਹਾਲ ਹੀ ਵਿੱਚ ਕਈ ਪਟੀਸ਼ਨਾਂ ਆਈਆਂ ਸਨ ਅਤੇ ਬੋਰਡ ਆਫ਼ ਟਰੱਸਟ ਵੱਲੋਂ ਇਸ ਸੰਬੰਧੀ ਦਬਾਅ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਜਦਕਿ ਯੂਨੀਵਰਸਿਟੀ ਨੇ ਇਹ ਸਨਮਾਨ ਵਾਪਸ ਲੈਣ ਦੇ ਆਪਣੇ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸਦੇ ਪ੍ਰੈਜੀਡੈਂਟ ਜੌਨ ਡੀ. ਸਾਈਮਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਏਕਤਾ ਵਿੱਚ ਲਿਆਉਣ ਲਈ ਅਜੇ ਬਹੁਤ ਕੁਝ ਕਰਨਾ ਹੈ। ਟਰੰਪ ਦੇ ਮਰਹੂਮ ਭਰਾ, ਫਰੈਡਰਿਕ ਟਰੰਪ ਜੂਨੀਅਰ ਵੀ ਲੇਹ ਯੂਨੀਵਰਸਿਟੀ ਦਾ ਗ੍ਰੈਜੂਏਟ ਸੀ। ਇਸ ਯੂਨੀਵਰਸਿਟੀ ਨੇ ਰਾਸ਼ਟਰਪਤੀ ਟਰੰਪ ਨੂੰ 1988 ਵਿੱਚ ਇਸ ਦੀ ਸ਼ੁਰੂਆਤ ਵੇਲੇ ਭਾਸ਼ਣ ਦੇਣ ਲਈ ਬੁਲਾਉਣ ‘ਤੇ ਆਨਰੇਰੀ ਡਿਗਰੀ ਪ੍ਰਦਾਨ ਕਰਕੇ ਸਨਮਾਨ ਦਿੱਤਾ ਸੀ।