ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੇ ਸੂਬਿਆਂ ’ਚ ਆਲਮੀ ਰਿਹਾਇਸ਼ੀ ਤਕਨੀਕ ਚੁਣੌਤੀ-ਭਾਰਤ (ਜੀਐੱਚਟੀਸੀ-ਭਾਰਤ) ਤਹਿਤ ਹਲਕੇ ਮਕਾਨਾਂ ਨਾਲ ਜੁੜੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਗਰੀਬ ਤੇ ਦਰਮਿਆਨੇ ਵਰਗ ਲਈ ਰਿਹਾਇਸ਼ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਨਾਲ ਅਮਲ ’ਚ ਲਿਆਂਦੇ ਜਾਣ ਵਾਲੇ ਇਹ ਪ੍ਰਾਜੈਕਟ ਦੇਸ਼ ਦੇ ਰਿਹਾਇਸ਼ ਨਿਰਮਾਣ ਖੇਤਰ ਨੂੰ ਨਵੀਂ ਦਿਸ਼ਾ ਦਿਖਾਉਣਗੇ ਅਤੇ ਸਹਿਕਾਰੀ ਸੰਘਵਾਦ ਨੂੰ ਹੋਰ ਮਜ਼ਬੂਤ ਕਰਨਗੇ। ਇਸ ਪ੍ਰਾਜੈਕਟ ਤਹਿਤ ਛੇ ਸੂਬਿਆਂ ਦੇ ਛੇ ਸ਼ਹਿਰਾਂ ’ਚ 12 ਮਹੀਨਿਆਂ ਅੰਦਰ ਇੱਕ ਹਜ਼ਾਰ ਤੋਂ ਵੱਧ ਮਕਾਨ ਬਣਾਏ ਜਾਣਗੇ।ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਛੇ ਪ੍ਰਾਜੈਕਟ ਦੇਸ਼ ਦੇ ਰਿਹਾਇਸ਼ ਨਿਰਮਾਣ ਖੇਤਰ ਨੂੰ ਨਵੀਂ ਦਿਸ਼ਾ ਦਿਖਾਉਣਗੇ।’ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਪੂਰਬ, ਪੱਛਮ, ਉੱਤਰ ਦੇ ਦੱਖਣ ਦੇ ਸੂਬਿਆਂ ਦੀ ਸ਼ਮੂਲੀਅਤ ਨਾਲ ਸਹਿਕਾਰੀ ਸੰਘਵਾਦ ਦੀ ਭਾਵਨਾ ਵੀ ਮਜ਼ਬੂਤ ਹੋ ਰਹੀ ਹੈ। ਵੀਡੀਓ ਕਾਨਫਰੰਸ ਰਾਹੀਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਗਰੀਬ ਤੇ ਦਰਮਿਆਨੇ ਵਰਗ ਦੀਆਂ ਲੋੜਾਂ ’ਤੇ ਹੈ ਅਤੇ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹੇ ਕਈ ਕਦਮ ਚੁੱਕੇ ਹਨ ਜਿਨ੍ਹਾਂ ਕਾਰਨ ਆਮ ਆਦਮੀ ਦੇ ਘਰ ਖਰੀਦਣ ਦੇ ਭਰੋਸੇ ਨੂੰ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਸਨ ਕਿ ਆਪਣੇ ਘਰ ਦਾ ਸੁਫ਼ਨਾ ਟੁੱਟਣ ਲੱਗਾ ਸੀ। ਹਾਊਸਿੰਗ ਸੈਕਟਰ ਦੀ ਸਥਿਤੀ ਇਹ ਸੀ ਕਿ ਲੋਕਾਂ ਨੂੰ ਸ਼ੱਕ ਸੀ ਕਿ ਗੜਬੜ ਹੋਣ ’ਤੇ ਕਾਨੂੰਨ ਉਨ੍ਹਾਂ ਦਾ ਸਾਥ ਨਹੀਂ ਦੇਵੇਗਾ। ਹਲਕੇ ਮਕਾਨਾਂ ਦੇ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਆਧੁਨਿਕ ਤਕਨੀਕ ਤੇ ਨਵੀ ਪ੍ਰਕਿਰਿਆ ਨਾਲ ਬਣਨਗੇ ਅਤੇ ਇਹ ਪ੍ਰਾਜੈਕਟ ਨਾ ਸਿਰਫ਼ ਘੱਟ ਸਮੇਂ ਅੰਦਰ ਮੁਕੰਮਲ ਹੋਣਗੇ ਬਲਕਿ ਗਰੀਬਾਂ ਲਈ ਜ਼ਿਆਦਾ ਕਿਫਾਇਤੀ ਤੇ ਆਰਾਮਦਾਇਕ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਮਕਾਨ ਬਣਾਉਣ ਸਮੇਂ ਫਰਾਂਸ, ਜਰਮਨੀ ਤੇ ਕੈਨੇਡਾ ਵਰਗੇ ਮੁਲਕਾਂ ਦੀ ਆਧੁਨਿਕ ਤਕਨੀਕ ਵਰਤੀ ਜਾਵੇਗੀ। ਇਨ੍ਹਾਂ ਮਕਾਨਾਂ ਦੀ ਉਸਾਰੀ ਇੰਦਰ, ਰਾਜਕੋਟ, ਚੇਨੱਈ, ਰਾਂਚੀ, ਅਗਰਤਲਾ ਤੇ ਲਖਨਊ ’ਚ ਕੀਤੀ ਜਾ ਰਹੀ ਹੈ।