ਸ੍ਰੀ ਅਨੰਦਪੁਰ ਸਾਹਿਬ 15 ਅਗਸਤ ,2023 – ਅੱਜ ਅਸੀ ਮਹਾਨ ਭਾਰਤ ਦੇਸ਼ ਦੀ ਅਜ਼ਾਦੀ ਦਾ ਦਿਹਾੜਾ ਸਮੁੱਚੇ ਭਾਰਤ ਦੇ ਹਰ ਕੋਨੇ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾ ਰਹੇ ਹਾਂ। 77 ਸਾਲ ਪਹਿਲਾ 15 ਅਗਸਤ 1947 ਨੂੰ ਸਾਡਾ ਦੇਸ਼ ਗੁਲਾਮੀ ਦੀਆਂ ਜੰਜੀਰਾ ਤੋ ਮੁਕਤ ਹੋਇਆ ਸੀ। ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਅਸੀ ਸਾਡੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾ ਨੂੰ ਸਿਜਦਾ ਕਰਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ।
ਇਹ ਪ੍ਰਗਟਾਵਾ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਵਿਰਾਸਤ ਏ ਖਾਲਸਾ ਵਿੱਚ ਉਪ ਮੰਡਲ ਪੱਧਰ ਦੇ ਅਜਾਦੀ ਦਿਹਾੜੇ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਉਪਰੰਤ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫ਼ੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਹੈ। ਫਾਂਸੀ ਦੇ ਰੱਸੇ ਚੁੰਮਣ ਤੋਂ ਲੈ ਕੇ ਕਾਲੇ ਪਾਣੀ ਵਰਗੀਆਂ ਸਖ਼ਤ ਸਜ਼ਾਵਾਂ ਵੀ ਪੰਜਾਬੀਆਂ ਨੇ ਹੱਸ-ਹੱਸ ਕੇ ਕੱਟੀਆਂ ਹਨ। ਦੇਸ਼ ਦੀ ਅਣਖ ਆਬਰੂ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ ਜਿਹੇ ਸੂਰਬੀਰਾਂ ਨੂੰ ਅਸੀ ਹਮੇਸ਼ਾ ਸਿਰ ਝੁਕਾ ਕੇ ਸਿਜਦਾ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਹਨ, ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿਚ ਹਮੇਸ਼ਾ ਆਸ ਤੋ ਵੱਧ ਯੋਗਦਾਨ ਪਾਇਆ ਹੈ। ਸਾਡੇ ਸਮਾਜ ਸੇਵਕਾਂ ਨੇ ਕਰੋਨਾ ਵਰਗੀ ਮਹਾਂਮਾਰੀ ਅਤੇ ਹੜ੍ਹਾਂ ਵਰਗੀ ਕੁਦਰਤੀ ਆਫਤ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਵੱਲ ਹੱਥ ਵਧਾਇਆ ਅਤੇ ਏਕਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਪੱਖੀ ਫੈਸਲੇ ਲੈਂਦੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਆਮ ਆਦਮੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤ ਅਤੇ ਸਕੂਲ ਆਂਫ ਐਮੀਨੈਂਸ ਮਿਆਰੀ ਸਿੱਖਿਆ ਦੇ ਰਹੇ ਹਨ। ਸਕੂਲ ਪ੍ਰਿੰਸੀਪਲ, ਹੈਡਮਾਸਟਰ ਦੇਸ਼ਾਂ ਵਿਦੇਸ਼ਾ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ, ਸਰਕਾਰੀ ਸਕੂਲਾਂ ਦੇ ਵਿਦਿਆਰਥੀ ਯੰਦਰਯਾਨ-3 ਦੀ ਈਸਰੋ ਵਿਚ ਲਾਚਿੰਗ ਦੇ ਗਵਾਹ ਬਣੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ, ਪੰਜ ਪਿਆਰਾ ਪਾਰਕ ਲੋਕ ਅਰਪਣ ਕੀਤੇ ਗਏ ਹਨ। ਭਾਈ ਜੈਤਾ ਜੀ ਦੀ ਯਾਦਗਾਰ, ਨੇਚਰ ਪਾਰਕ, ਇੰਨਫਰਮੇਸ਼ਨ ਸੈਂਟਰ ਵਰਗੇ ਕਰੋੜਾਂ ਰੁਪਏ ਦੀ ਪ੍ਰੋਜੈਕਟ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਜਨ ਸੁਣਵਾਈ ਕੈਂਪ ਲਗਾ ਕੇ ਬਿਹਤਰ ਪ੍ਰਸਾਸ਼ਨ ਦਿੱਤਾ ਜਾ ਰਿਹਾ ਹੈ। ਇਹ ਸਾਡੇ ਸ਼ਹੀਦਾ ਦੇ ਸੁਪਨਿਆਂ ਦਾ ਪੰਜਾਬ ਹੈ, ਜੋ ਦਿਨ ਪ੍ਰਤੀ ਦਿਨ ਹੋਰ ਲਿਸ਼ਕ ਰਿਹਾ ਹੈ।
ਇਸ ਮੌਕੇ ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਸਮਾਰੋਹ ਦਾ ਸਥਾਨ ਵਿਰਾਸਤ ਏ ਖਾਲਸਾ ਤਬਦੀਲ ਕੀਤਾ ਗਿਆ, ਜਿੱਥੇ ਰਾਸ਼ਟਰੀ ਤਿਰੰਗਾ ਲਹਿਰਾਉਣ ਉਪਰੰਤ ਮਨੀਸ਼ਾ ਰਾਣਾ ਨੇ ਪਰੇਡ ਦਾ ਨਿਰੀਖਣ ਕੀਤਾ। ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿੱਚ ਪੀ.ਟੀ.ਸ਼ੋਅ, ਸਬ਼ਦ ਗਾਇਨ, ਕੋਰੀਓਗ੍ਰਾਫੀ, ਗਿੱਧਾ, ਲੁੱਡੀ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
ਸਟੇਜ ਸਕੱਤਰ ਰਣਜੀਤ ਸਿੰਘ ਦੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਪਾਣੀ ਹੈ ਅਨਮੋਲ ਨੇ ਵਾਹ ਵਾਹ ਲੁੱਟੀ। ਪ੍ਰਬੰਧਕਾਂ ਵੱਜੋਂ ਸੁਪਰਡੈਂਟ ਇੰ. ਬੀ.ਐਸ.ਚਾਨਾ ਦਾ ਵਿਸੇਸ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਮਿਲਾਪ ਸਿੰਘ ਖੁਸਦਿਲ ਸਿਵਲ ਜੱਜ ਸੀਨੀਅਰ ਡਵੀਜਨ, ਗੁਰਪ੍ਰੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜਨ, ਸ੍ਰੀ ਅਨੰਦਪੁਰ ਸਾਹਿਬ ਵਿਚ ਨਵੇ ਆਏ ਐਸ.ਡੀ.ਐਮ ਮਨਦੀਪ ਸਿੰਘ ਢਿੱਲੋ,ਡੀ.ਐਸ.ਪੀ ਅਜੇ ਸਿੰਘ, ਤਹਿਸੀਲਦਾਰ ਬਾਦਲ ਦੀਨ, ਨਾਇਬ ਤਹਿਸੀਲਦਾਰ ਵਿਕਾਸਦੀਪ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਬੀ.ਡੀ.ਪੀ.ਓ ਈਸ਼ਾਨ ਚੋਧਰੀ, ਬੀ.ਡੀ.ਪੀ.ਓ ਦਰਸ਼ਨ ਸਿੰਘ, ਐਸ.ਐਮ.ਓ ਡਾ.ਚਰਨਜੀਤ ਕੁਮਾਰ, ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਸਮੇਤ ਕੋਂਸਲਰ, ਜਸਵੀਰ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਕੈਪਟਨ ਗੁਰਨਾਮ ਸਿੰਘ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਸੂਬੇਦਾਰ ਰਾਜਪਾਲ ਮੋਹੀਵਾਲ, ਸੰਜੀਵ ਧਰਮਾਣੀ, ਗੁਰਮੇਲ ਸਿੰਘ ਬੁਰਜ, ਅਜੇ ਬੈਂਸ, ਸੀਮਾ ਜੱਸਲ, ਪ੍ਰਿੰ.ਨੀਰਜ ਵਰਮਾ, ਪ੍ਰਿੰ.ਅਵਤਾਰ ਸਿੰਘ ਦੜੋਲੀ, ਅੰਜੂ, ਸਕੂਲਾ ਦੇ ਵਿਦਿਆਰਥੀ, ਅਧਿਆਪਕ ਤੇ ਪਤਵੰਤੇ ਹਾਜ਼ਰ ਸਨ।