ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਾਕਸਿੰਗ ਡੇਅ ਟੈਸਟ ਵਿਚ ਚੇਤੇਸ਼ਵਰ ਪੁਜਾਰਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਰੋਹਿਤ ਨੂੰ ਇਹ ਜ਼ਿੰਮੇਵਾਰੀ ਪਹਿਲੀ ਵਾਰ ਸੌਂਪੀ ਗਈ ਹੈ ਤੇ ਉਹ ਆਸਟਰੇਲੀਆ ਵਿਚ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਨਾਲ ਜੁੜ ਗਿਆ ਹੈ। ਦੂਜੇ ਪਾਸੇ ਉਮੇਸ਼ ਸ਼ਰਮਾ ਦੇ ਜ਼ਖਮੀ ਹੋਣ ਕਾਰਨ ਤਾਮਿਲਨਾਡੂ ਦੇ ਤੇਜ਼ ਗੇਂਦਬਾਜ਼ ਟੀ.ਨਟਰਾਜਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਸ਼ਰਦੁਲ ਠਾਕੁਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਬੀਸੀਸੀਆਈ ਦੇ ਸਕੱਤਰ ਜਯ ਸ਼ਾਹ ਨੇ ਦੱਸਿਆ ਕਿ ਸ਼ਮੀ ਤੇ ਉਮੇਸ਼ ਨੂੰ ਬੰਗਲੌਰ ਦੀ ਕੌਮੀ ਕ੍ਰਿਕਟ ਅਕਾਦਮੀ ਵਿਚ ਨਿਗਰਾਨੀ ਹੇਠ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਭਾਰਤ ਤੇ ਆਸਟਰੇਲੀਆ ਦਰਮਿਆਨ ਤੀਜਾ ਟੈਸਟ 7 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਵੇਲੇ ਦੋਵੇਂ ਟੀਮਾਂ ਇਕ-ਇਕ ਟੈਸਟ ਮੈਚ ਜਿੱਤ ਕੇ ਬਰਾਬਰੀ ’ਤੇ ਹਨ।