ਸਰੀ, 15 ਦਸੰਬਰ 2021 – ਸਿੱਖ ਨਸਲਕੁਸ਼ੀ ਦੇ ਦੁਖਾਂਤ ਬਾਰੇ ਲੇਖਕ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਨਵ-ਪ੍ਰਕਾਸ਼ਿਤ ਕਿਤਾਬ, ‘ਨੋਟਸ ਔਨ 1984’ 20 ਦਸੰਬਰ, ਦਿਨ ਸੋਮਵਾਰ ਨੂੰ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ- ਡੈਲਟਾ ਵਿਖੇ ਸਥਿਤ ‘ਗੁਰੂ ਨਾਨਕ ਨਿਵਾਸ ਸੀਨੀਅਰ ਸੈਂਟਰ’ ਵਿਖੇ, ਦੁਪਹਿਰ 12 ਵਜੇ ਲੋਕ ਅਰਪਣ ਕੀਤੀ ਜਾਵੇਗੀ। ਇਸ ਕਿਤਾਬ ਰਾਹੀਂ ਲੇਖਕ ਨੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦਿਆਂ, ਕੌਮਾਂਤਰੀ ਮੰਚ ‘ਤੇ ਇਸ ਦੀ ਨਸਲਕੁਸ਼ੀ ਵਜੋਂ ਮਾਨਤਾ ਲਈ ਆਵਾਜ਼ ਉਠਾਈ ਹੈ।
ਗੁਰਪ੍ਰੀਤ ਸਿੰਘ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦੇ ਦਾ ਮੁਲਾਂਕਣ ਕੌਮਾਂਤਰੀ ਪੱਧਰ ਦੇ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਨੂੰ ਸਾਹਮਣੇ ਰੱਖ ਕੇ ਕੀਤਾ ਹੈ। ਲੇਖਕ ਅਨੁਸਾਰ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਸਿੱਖ ਨਸਲਕੁਸ਼ੀ 1984 ਦੀ ਤਰਜ਼ ਉੱਤੇ ਹੀ, ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਨੇ ਮੁਸਲਿਮ ਕਤਲੇਆਮ ਅਤੇ ਫਿਰ ਉੜੀਸਾ ਵਿੱਚ ਇਸਾਈਆਂ ਦੇ ਕਤਲ ਅਤੇ ਹੋਰ ਘੱਟ ਗਿਣਤੀਆਂ, ਮੂਲਨਿਵਾਸੀਆਂ ਅਤੇ ਦਲਿਤਾਂ ਤੇ ਜਬਰ ਕੀਤੇ ਅਤੇ ਅੱਜ ਵੀ ਹੋ ਰਹੇ ਹਨ।
‘ਚੇਤਨਾ ਪ੍ਰਕਾਸ਼ਨ’ ਵੱਲੋਂ ਛਾਪੀ ਗਈ ਇਹ ਕਿਤਾਬ ਮਰਹੂਮ ਪੱਤਰਕਾਰ ਅਤੇ ਐਕਟਵਿਸਟ ਜਰਨੈਲ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਦਿੱਲੀ ਵਿਧਾਨ ਸਭਾ ‘ਚ ‘ਸਿੱਖ ਕਤਲੇਆਮ 1984’ ਦਾ ਮਤਾ ਪਾਸ ਕਰਵਾਇਆ ਸੀ। ਇੰਡੀਅਨ ਸਟੇਟ ਦੇ ਜਬਰ ਬਾਰੇ, ਬੇਬਾਕੀ ਨਾਲ ਲਿਖਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ, ਇਸ ਮੌਕੇ ‘ਤੇ ਸਭ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।