ਨਵੀਂ ਦਿੱਲੀ – ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕੰਨਫਰੰਸ ਕਰ ਕੇ ਕਿਹਾ ਕਿ ਦਿੱਲੀ ਵਿੱਚ ਸ਼ੁਰੂਆਤੀ ਮੁਹਿੰਮ ਦੇ ਅਧੀਨ 51 ਲੱਖ ਲੋਕਾਂ ਨੂੰ ਟੀਕਾ ਲੱਗੇਗਾ। ਇਸ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਫਿਲਹਾਲ ਦਿੱਲੀ ਸਰਕਾਰ ਕੋਲ 74 ਲੱਖ ਡੋਜ਼ ਸਟੋਰ ਕਰਨ ਦੀ ਸਮਰੱਥਾ ਹੈ, ਜਿਸ ਨੂੰ ਵਧਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲੀ ਕੈਟੇਗਰੀ ਵਿੱਚ ਡਾਕਟਰ, ਨਰਸਾਂ, ਪੈਰਾ-ਮੈਡੀਕਸ ਨੂੰ ਮਿਲਾ ਕੇ ਕਰੀਬ 3 ਲੱਖ ਸਿਹਤ ਕਰਮਚਾਰੀ ਹਨ। ਪੁਲੀਸ, ਸਿਵਲ ਡਿਫੈਂਸ, ਨਗਰ ਨਿਗਮ ਵਿੱਚ ਕੰਮ ਕਰਨ ਵਾਲੇ ਲਗਭਗ 6 ਲੱਖ ਫਰੰਟਲਾਈਨ ਵਰਕਰਜ਼ ਦੂਜੀ ਕੈਟੇਗਰੀ ਵਿੱਚ ਹਨ। ਤੀਜੀ ਕੈਟੇਗਰੀ ਵਿੱਚ 42 ਲੱਖ ਲੋਕ ਹੋਣਗੇ। ਇਹ ਉਹ ਲੋਕ ਹਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਉਮਰ 50 ਸਾਲ ਤੋਂ ਘੱਟ ਹੈ ਪਰ ਕੋ-ਮਾਰਬਿਡਿਟੀ ਵਾਲੇ ਹਨ। ਉਹਨਾਂ ਕਿਹਾ ਕਿ ਹਫਤੇ ਦੇ ਅੰਦਰ ਇਨ੍ਹਾਂ ਸਾਰਿਆਂ ਦੀ ਲਿਸਟ ਤਿਆਰ ਕਰ ਲਈ ਜਾਵੇਗੀ। ਮਤਲੱਬ ਕਿ ਦਿੱਲੀ ਦੇ ਕੁੱਲ 51 ਲੱਖ ਲੋਕਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਟੀਕਾ ਲੱਗੇਗਾ, ਕਿਉਂਕਿ ਵੈਕਸੀਨ ਡਬਲ ਡੋਜ਼ ਵਾਲੀ ਹੈ, ਇਸ ਦਾ ਮਤਲਬ ਇਨ੍ਹਾਂ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਫਰੀਜ਼ਰ ਲਗਾਉਣ ਸਮੇਤ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਰਜਿਸਟਰੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੈਕਸੀਨ ਆਵੇਗੀ ਤਾਂ ਜਿਨ੍ਹਾਂ ਲੋਕਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਵੈਕਸੀਨ ਸਭ ਤੋਂ ਪਹਿਲਾਂ ਮਿਲੇਗੀ। ਜਿਨ੍ਹਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਐਸ.ਐਮ.ਐਮ. ਰਾਹੀਂ ਦੱਸ ਦਿੱਤਾ ਜਾਵੇਗਾ ਕਿ ਇਸ ਦਿਨ ਇੱਥੇ ਵੈਕਸੀਨ ਲਈ ਪਹੁੰਚਣਾ ਹੈ।