ਐਰੀਜ਼ੋਨਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਰਾਸ਼ਟਰਪਤੀ ਚੁਣੇ ਗਏ ਜੋ ਬਾਈਡੇਨ ਨੂੰ ਰਾਜ ਦੀਆਂ 11 ਇਲੈਕਟ੍ਰੋਲ ਵੋਟਾਂ ਦੇ ਜੇਤੂ ਵਜੋਂ ਪ੍ਰਮਾਣਿਤ ਕੀਤਾ ਹੈ। ਚੋਣ ਅਧਿਕਾਰੀਆਂ ਦੁਆਰਾ ਦਿੱਤੇ ਗਏ ਅੰਤਿਮ ਅੰਕੜਿਆਂ ਅਨੁਸਾਰ ਬਾਈਡੇਨ ਨੇ ਲਗਭਗ 3.4 ਮਿਲੀਅਨ ਕਾਸਟ ਕੀਤੀਆਂ ਬੈਲਟਾਂ ਵਿੱਚੋਂ ਸਿਰਫ਼ 10,457 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਐਰੀਜ਼ੋਨਾਂ ਦੇ ਸੈਕਟਰੀ ਆਫ ਸਟੇਟ ਕੈਟੀ ਹੋਬਜ਼ ਜੋ ਇੱਕ ਡੈਮੋਕਰੇਟ ਹਨ ਨੇ ਰਿਪਬਲਿਕਨ ਗਵਰਨਰ ਡੱਗ ਡੁਸੀ ਦੇ ਨਾਲ ਨਤੀਜਿਆਂ ਦੀ ਤਸਦੀਕ ਕੀਤੀ ਹੈ। ਇਸ ਮੌਕੇ ਰਾਸ਼ਟਰਪਤੀ ਟਰੰਪ ਦਾ ਸਮਰਥਨ ਕਰਨ ਵਾਲੇ ਗਵਰਨਰ ਨੇ ਇਸ ਚੋਣ ਨਤੀਜੇ ਦੀ ਪੁਸ਼ਟੀ ਕਰਨ ਵਾਲੇ ਦਸਤਾਵੇਜ਼ ਉੱਤੇ ਹਸਤਾਖ਼ਰ ਕੀਤੇ ਹਨ। ਬਾਈਡੇਨ ਦੀ ਜਿੱਤ ਦਾ ਇਹ ਸਰਟੀਫਿਕੇਟ ਟਰੰਪ ਲਈ ਇੱਕ ਨਿਰਾਸ਼ਾ ਦਾ ਵਿਸ਼ਾ ਹੈ। ਐਰੀਜੋਨਾਂ ਤੋਂ ਬਿਨਾਂ ਜਾਰਜੀਆ ਨੇ ਪਹਿਲਾਂ ਹੀ 12,587 ਅਤੇ ਪੈਨਸਿਲਵੇਨੀਆ ਨੇ 81,660 ਵੋਟਾਂ ਨਾਲ ਬਾਈਡੇਨ ਦੀ ਜਿੱਤ ਨੂੰ ਪ੍ਰਮਾਣਿਤ ਕੀਤਾ ਹੈ ਜਦਕਿ ਸਾਬਕਾ ਉਪ- ਰਾਸ਼ਟਰਪਤੀ ਨੇਵਾਡਾ ਅਤੇ ਵਿਸਕਾਨਸਿਨ ਵਿੱਚ ਵੀ ਥੋੜ੍ਹੇ ਫ਼ਰਕ ਨਾਲ ਜਿੱਤੇ ਹਨ।