ਕੈਲੇਫੋਰਨੀਆ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਗਿਆਨਿਕ ਸਲਾਹਕਾਰ ਡਾ. ਸਕਾਟ ਐਟਲਸ, ਜੋ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਲਈ ਸਲਾਹਕਾਰ ਸਨ, ਆਪਣਾ ਵ੍ਹਾਈਟ ਹਾਊਸ ਦਾ ਇਹ ਅਹੁਦਾ ਛੱਡ ਰਹੇ ਹਨ। ਇਸ ਸੰਬੰਧੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਟੈਨਫੋਰਡ ਯੂਨੀਵਰਸਿਟੀ ਦੇ ਨਿਊਰੋਰੇਡੀਓਲੋਜਿਸਟ, ਜਿਨ੍ਹਾਂ ਕੋਲ ਜਨਤਕ ਸਿਹਤ ਜਾਂ ਛੂਤ ਦੀਆਂ ਬਿਮਾਰੀਆਂ ਦਾ ਕੋਈ ਰਸਮੀ ਤਜ਼ਰਬਾ ਨਹੀਂ ਸੀ, ਨੇ ਆਪਣੀ ਅਸਥਾਈ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਜਦਕਿ ਐਟਲਸ ਨੇ ਇਸ ਸੰਬੰਧੀ ਸੋਮਵਾਰ ਨੂੰ ਇੱਕ ਟਵੀਟ ਵਿੱਚ ਇਸ ਦੀ ਪੁਸ਼ਟੀ ਕੀਤੀ। ਐਟਲਸ ਗਰਮੀਆਂ ਦੌਰਾਨ ਵ੍ਹਾਈਟ ਹਾਊਸ ਵਿੱਚ ਸ਼ਾਮਲ ਹੋਇਆ ਸੀ ਜਿੱਥੇ ਉਸ ਨੇ ਡਾ ਐਂਥਨੀ ਫੌਕੀ ਅਤੇ ਡਾ. ਡੈਬੋਰਾਹ ਬਰਕਸ ਸਮੇਤ ਚੋਟੀ ਦੇ ਸਰਕਾਰੀ ਵਿਗਿਆਨੀਆਂ ਨਾਲ ਮੱਤਭੇਦ ਕੀਤੇ ਕਿਉਂਕਿ ਉਸਨੇ ਕੋਵਿਡ -19 ਮਹਾਂਮਾਰੀ ਨੂੰ ਰੋਕਣ ਲਈ ਜ਼ੋਰਦਾਰ ਯਤਨਾਂ ਦਾ ਵਿਰੋਧ ਕੀਤਾ ਸੀ ਜਿਹਨਾਂ ਵਿੱਚ ਮਾਸਕ ਦੀ ਪ੍ਰਭਾਵ ਸ਼ੀਲਤਾ ‘ਤੇ ਸਵਾਲ ਉਠਾਉਣਾ ਵੀ ਹੈ। ਇਸਦੇ ਨਾਲ ਹੀ ਐਟਲਸ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਟਾਸਕ ਫੋਰਸ ਦੀਆਂ ਬੈਠਕਾਂ ਵਿਚ ਸ਼ਾਮਲ ਨਹੀਂ ਹੋਇਆ ਸੀ।