ਕੈਨਬਰਾ – ਆਸਟਰੇਲੀਆ ਤੋਂ ਪਹਿਲੇ ਦੋ ਮੈਚਾਂ ਵਿਚ ਹਾਰ ਦਾ ਸਾਹਮਣਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਭਲਕੇ ਆਸਟਰੇਲੀਆ ਖ਼ਿਲਾਫ਼ ਤੀਜਾ ਤੇ ਲੜੀ ਦਾ ਆਖਰੀ ਇਕ ਦਿਨਾ ਮੈਚ ਖੇਡੇਗੀ। ਭਾਰਤੀ ਟੀਮ ਇਹ ਮੈਚ ਜਿੱਤ ਕੇ ਮੇਜ਼ਬਾਨ ਟੀਮ ਨੂੰ ਲੜੀ ਵਿਚ ਹੂੰਝਾ ਫੇਰ ਜਿੱਤ ਹਾਸਲ ਕਰਨ ਤੋਂ ਰੋਕਣ ਦਾ ਯਤਨ ਕਰੇਗੀ। ਭਾਰਤੀ ਟੀਮ ਨੂੰ ਅਗਲੇ ਮੈਚਾਂ ਵਿਚ ਤੇਜ਼ ਗੇਂਦਬਾਜ਼ ਦੀ ਘਾਟ ਹੋ ਗਈ ਹੈ ਕਿਉਂਕਿ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਪੱਛਮੀ ਬੰਗਾਲ ਦੇ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਨੂੰ ਆਸਟਰੇਲੀਆ ਤੋਂ ਭਾਰਤ ਭੇਜ ਦਿੱਤਾ ਗਿਆ ਹੈ।ਭਾਰਤੀ ਟੀਮ ਵਿਚ ਆਪਣੀ ਗੇਂਦਬਾਜ਼ੀ ਵਿਚ ਬਦਲਾਅ ਕੀਤਾ ਜਾਵੇਗਾ ਤੇ ਨਵਦੀਪ ਸੈਣੀ ਦੀ ਥਾਂ ਸ਼ਰਦੁਲ ਠਾਕੁਰ ਜਾਂ ਟੀ ਨਟਰਾਜਨ ਨੂੰ ਮੌਕਾ ਮਿਲ ਸਕਦਾ ਹੈ। ਨਵਦੀਪ ਨੂੰ ਪਹਿਲੇ ਦੋਹਾਂ ਵਿਚ ਵਧੀਆ ਪ੍ਰਦਰਸ਼ਨ ਲਈ ਜੂਝਣਾ ਪਿਆ ਸੀ। ਭਾਰਤੀ ਖਿਡਾਰੀ ਸ਼੍ਰੇਅਸ ਅਈਅਰ ਨੇ ਕਿਹਾ ਕਿ ਭਾਰਤੀ ਟੀਮ ਜੇਤੂ ਪ੍ਰਦਰਸ਼ਨ ਕਰੇਗੀ ਤੇ ਟੀਮ ਦੇ ਗੇਂਦਬਾਜ਼ ਆਸਟਰੇਲੀਆ ਟੀਮ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਣ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ ਵੀ ਸਵੀਕਾਰ ਕਰ ਚੁੱਕਿਆ ਹੈ ਕਿ ਆਸਟਰੇਲੀਆ ਨੇ ਭਾਰਤੀ ਟੀਮ ਨੂੰ ਪਹਿਲੇ ਦੋ ਮੈਚਾਂ ਵਿਚ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਭਾਰਤੀ ਤੇਜ਼ ਗੇਂਦਬਾਜ਼ ਆਸਟਰੇਲੀਆ ਖਿਲਾਫ਼ ਲੈਅ ਨਹੀਂ ਫੜ ਸਕੇ, ਇਸ ਕਰ ਕੇ ਕਪਤਾਨ ਨੂੰ ਹਾਰਦਿਕ ਪੰਡਿਆ ਤੇ ਮਿਅੰਕ ਅਗਰਵਾਲ ਕੋਲੋਂ ਗੇਂਦਬਾਜ਼ੀ ਕਰਵਾਉਣੀ ਪਈ ਸੀ। ਸਪਿੰਨਰ ਯੁਜਵੇਂਦਰ ਚਹਿਲ ਵੀ ਮਹਿੰਗਾ ਸਾਬਤ ਹੋਇਆ ਹੈ। ਭਾਰਤੀ ਟੀਮ ਨੂੰ ਭਲਕੇ ਦੇ ਮੈਚ ਵਿਚ ਸਟੀਵ ਸਮਿੱਥ ਨੂੰ ਦੌੜਾਂ ਬਣਾਉਣ ਤੋਂ ਰੋਕਣਾ ਹੋਵੇਗਾ ਕਿਉਂਕਿ ਉਹ ਪੂਰੀ ਫਾਰਮ ਵਿਚ ਚਲ ਰਿਹਾ ਹੈ। ਦੂਜੇ ਪਾਸੇ ਗਲੈਨ ਮੈਕਸਵੈਲ ਆਪਣੇ ਦੇਸ਼ ਦੇ ਮੈਦਾਨਾਂ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਹ ਆਖਰੀ ਇਕ ਦਿਨਾ ਮੈਚ ਵਿਚ ਵੀ ਚੁਣੌਤੀ ਸਾਬਤ ਹੋ ਸਕਦਾ ਹੈ।