ਐਸ.ਏ.ਐਸ ਨਗਰ, 4 ਜੁਲਾਈ-ਰੈਜ਼ੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110 ਨੇ ਮੰਗ ਕੀਤੀ ਹੈ ਕਿ ਮੁਹਾਲੀ ਨਗਰ ਨਿਗਮ ਵਿੱਚ ਖਰੜ ਅਤੇ ਜੀਰਕਪੁਰ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਆਪਣੇ ਏਰੀਏ ਦੇ ਸੈਕਟਰਾਂ ਨੂੰ ਨਿਗਮ ਵਿੱਚ ਸ਼ਾਮਿਲ ਕੀਤਾ ਜਾਵੇ।
ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸz. ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਂਵਾਰ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਜਾਵੇ ਕਿ ਮਹਾਂਨਗਰ ਨਿਗਮ ਮੁਹਾਲੀ ਵਿੱਚ ਖਰੜ ਅਤੇ ਜੀਰਕਪੁਰ ਨੂੰ ਸ਼ਾਮਿਲ ਕਰਨ ਦੀ ਤਜਵੀਜ਼ ਦਾ ਵਿਰੋਧ ਕੀਤਾ ਜਾਵੇ ਅਤੇ ਸਰਕਾਰ ਨੂੰ ਲਿਖਿਆ ਜਾਵੇ ਕਿ ਖਰੜ ਅਤੇ ਜੀਰਕਪੁਰ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਮੁਹਾਲੀ ਦੇ ਜੋ ਸੈਕਟਰ ਕਿਸੇ ਵੀ ਕੌਂਸਲ ਅਧੀਨ ਨਹੀ ਆਂਉਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਜਾਵੇ।
ਵਸਨੀਕਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੁੱਝ ਏਰੀਏ ਨੂੰ ਸ਼ਾਮਿਲ ਕਰਨ ਦੀ ਕਾਰਵਾਈ ਆਰੰਭੀ ਗਈ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਕਾਰਵਾਈ ਨੂੰ ਰੋਕ ਦਿੱਤਾ ਗਿਆ ਹੈ। ਸੁਸਾਇਟੀ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਗੁਰਬਚਨ ਸਿੰਘ ਮੰਡੇਰ, ਹਰਜਿੰਦਰ ਸਿੰਘ ਸੋਹੀ, ਐਮ.ਐਲ ਸਰਮਾ, ਅਸ਼ੋਕ ਡੋਗਰਾ, ਸੰਜੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਹਾਲੀ ਅਧੀਨ ਆਂਉਦੇ ਸੈਕਟਰਾਂ ਨੂੰ ਪਹਿਲ ਦੇ ਆਧਾਰ ਤੇ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਜਾਵੇ, ਭਾਵੇ ਉਹ ਸੈਕਟਰ ਪ੍ਰਾਈਵੇਟ ਬਿਲਡਰ ਦੇ ਅਧੀਨ ਕਿਉ ਨਾ ਹੋਣ।
ਉਹਨਾਂ ਮੰਗ ਕੀਤੀ ਕਿ ਮੁਹਾਲੀ ਤੋਂ ਲਾਡਰਾਂ-ਬਨੂੜ ਸੜਕ ਨੂੰ ਜੋੜਦੀਆਂ ਸੜਕਾਂ, ਸੈਕਟਰ 94-95, 95-96 ਅਤੇ 96-97 ਦੀ ਉਸਾਰੀ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੀ ਭੀੜ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਸੜਕਾਂ ਦੀ ਉਸਾਰੀ ਲਈ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਲਿਖਤੀ ਮੰਗ ਪੱਤਰ ਵੀ ਦਿੱਤੇ ਗਏ ਹਨ ਪਰ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਨਹੀ ਹੋਇਆ।
ਉਹਨਾਂ ਕਿਹਾ ਕਿ ਟੀ.ਡੀ.ਆਈ, ਸੈਕਟਰ 110 ਦੇ ਗੇਟ ਦੇ ਸਾਹਮਣੇ ਆਵਾਜਾਈ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਗਲਤ ਸਾਈਡ ਤੋਂ ਮੇਨ ਸੜਕ ਨੂੰ ਪਾਰ ਕਰਦੇ ਆਮ ਵੇਖੇ ਜਾ ਸਕਦੇ ਹਨ। ਜਿਸ ਕਰਕੇ ਬਹੁਤ ਸਾਰੇ ਹਾਦਸੇ ਵਾਪਰਦੇ ਰਹਿੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ, ਅਮਰਜੀਤ ਸਿੰਘ, ਏ.ਐਸ ਸੇਖੋ, ਪ੍ਰੇਮ ਸਿੰਘ, ਮੋਹਿਤ ਮਦਾਨ, ਗਗਨ, ਅਸ਼ੋਕ ਕੁਮਾਰ, ਅਮਰਜੀਤ ਸਿੰਘ ਧਨੋਆ ਅਤੇ ਹੋਰ ਪਤਵੰਤੇ ਹਾਜਰ ਸਨ।