ਲਾਕਡਾਊਨ ਰਿਹਾ ਫੇਲ, ਮੋਦੀ ਸਰਕਾਰ ਦੱਸੇ ਅੱਗੇ ਦੀ ਰਣਨੀਤੀ : ਰਾਹੁਲ
ਨਵੀਂ ਦਿੱਲੀ, 26 ਮਈ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਕ ਪੱਤਰਕਾਰ ਸੰਮੇਨਨ ਦੌਰਾਨ ਮੋਦੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ| ਰਾਹੁਲ ਨੇ ਕਿਹਾ ਕਿ ਲਾਕਡਾਊਨ ਫੇਲ ਰਿਹਾ ਹੈ| ਭਾਰਤ ਦੁਨੀਆ ਵਿੱਚ ਇਕਲੌਤਾ ਅਜਿਹਾ ਦੇਸ਼ ਹੈ, ਜੋ ਲਾਕਡਾਊਨ ਉਦੋਂ ਹਟਾ ਰਿਹਾ ਹੈ, ਜਦੋਂ ਵਾਇਰਸ ਦੇ ਕੇਸ ਵੱਧ ਰਹੇ ਹਨ| ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭਾਰਤ ਵਿੱਚ ਲਾਕਡਾਊਨ ਦਾ ਮਕਸਦ ਅਤੇ ਟੀਚਾ ਫੇਲ ਹੋ ਗਿਆ ਹੈ ਅਤੇ ਲਾਕਡਾਊਨ ਦੇ 4 ਪੜਾਵਾਂ ਨੇ ਉਹ ਨਤੀਜੇ ਨਹੀਂ ਦਿੱਤੇ, ਜਿਸ ਦੀ ਪ੍ਰਧਾਨ ਮੰਤਰੀ ਉਮੀਦ ਕਰ ਰਹੇ ਸਨ|
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਮਹੀਨੇ ਪਹਿਲਾਂ ਕਿਹਾ ਸੀ ਕਿ ਅਸੀਂ 21 ਦਿਨਾਂ ਵਿਚ ਕੋਰੋਨਾ ਵਾਇਰਸ ਨੂੰ ਹਰਾ ਦੇਵਾਂਗੇ ਪਰ ਹੁਣ ਤਾਂ 60 ਦਿਨ ਬਾਅਦ ਵੀ ਸਾਡੇ ਦੇਸ਼ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲਾਕਡਾਊਨ ਨੂੰ ਹਟਾਇਆ ਜਾ ਰਿਹਾ ਹੈ| ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਅਜਿਹੇ ਵਿਚ ਮੋਦੀ ਸਰਕਾਰ ਦੀ ਅੱਗੇ ਵੱਧਣ ਦੀ ਕੀ ਯੋਜਨਾ ਹੈ, ਇਸ ਤੇ ਸਥਿਤੀ ਸਾਫ ਕੀਤੀ ਜਾਵੇ|
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੋਰੋਨਾ ਦੀ ਆਫਤ ਨਾਲ ਨਜਿੱਠਣ ਅਤੇ ਲੋੜਵੰਦਾਂ ਨੂੰ ਮਦਦ ਦੇਣ ਲਈ ਉਨ੍ਹਾਂ ਦੀ ਅੱਗੇ ਦੀ ਰਣਨੀਤੀ ਕੀ ਹੈ| ਉਨ੍ਹਾਂ ਆਪਣੀ ਪੁਰਾਣੀ ਮੰਗ ਦੋਹਰਾਉਂਦਿਆਂ ਕਿਹਾ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ 7500 ਰੁਪਏ ਦੀ ਮਦਦ ਦਿੱਤੀ ਜਾਵੇ ਅਤੇ ਸੂਬਾ ਸਰਕਾਰਾਂ ਨੂੰ ਕੇਂਦਰ ਤੋਂ ਪੂਰੀ ਮਦਦ ਮਿਲੇ|
ਰਾਹੁਲ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਉਸਦੀ ਰਣਨੀਤੀ ਕੀ ਹੈ? ਲਾਕਡਾਊਨ ਨੂੰ ਸਰਕਾਰ ਕਿਸ ਤਰ੍ਹਾਂ ਦੇਖਦੀ ਹੈ? ਸਰਕਾਰ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਮਦਦ ਕਿਵੇਂ ਕਰੇਗੀ? ਰਾਹੁਲ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਦੀਆਂਸਰਕਾਰਾਂ ਗਰੀਬਾਂ ਅਤੇ ਕਿਸਾਨਾਂ ਨੂੰ ਪੈਸੇ ਦੇ ਰਹੀਆਂ ਹਨ, ਖਾਣਾ ਦੇ ਰਹੀਆਂ ਹਨ| ਸਾਨੂੰ ਪਤਾ ਹੈ ਕਿ ਅੱਗੇ ਕੀ ਕਰਨਾ ਹੈ ਪਰ ਕੇਂਦਰ ਸਰਕਾਰ ਵਲੋਂ ਉਚਿਤ ਮਦਦ ਦੇ ਬਿਨਾਂ ਸੂਬੇ ਆਪਣੇ ਕੰਮ ਨਹੀਂ ਕਰ ਸਕਦੇ| ਸੂਬੇ ਕਦੋਂ ਤੱਕ ਇਕੱਲੇ ਲੜਾਈ ਲੜਣਗੇ|
ਰੁਜ਼ਗਾਰ ਨੂੰ ਲੈ ਕੇ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਵਿਚ ਰੁਜ਼ਗਾਰ ਦੀਆਂ ਮੁਸ਼ਕਲਾਂ ਪਹਿਲਾਂ ਹੀ ਸਨ| ਬੇਰੋਜ਼ਗਾਰੀ ਦੀ ਸਮੱਸਿਆ ਕੋਰੋਨਾ ਦੀ ਵਜ੍ਹਾ ਕਾਰਨ ਨਹੀਂ ਆਈ ਹੈ ਬਲਕਿ ਉਹ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ| ਲਾਕਡਾਊਨ ਕਾਰਨ ਇਕ ਹੋਰ ਡੂੰਘੀ ਸੱਟ ਲੱਗੀ ਹੈ| ਕਾਰੋਬਾਰ ਬੰਦ ਹੋ ਗਏ ਅਤੇ ਬਹੁਤ ਸਾਰੇ ਛੋਟੇ ਉਦਯੋਗ ਬੰਦ ਹੋਣ ਜਾ ਰਹੇ ਹਨ|
ਰਾਹੁਲ ਨੇ ਚੀਨ ਅਤੇ ਨੇਪਾਲ ਨਾਲ ਸਰਹੱਦ ਵਿਵਾਦ ਤੇ ਸਰਕਾਰ ਤੋਂ ਪਾਰਦਰਸ਼ਤਾ ਦੀ ਮੰਗ ਕੀਤੀ| ਉਨ੍ਹਾਂ ਕਿਹਾ ਕਿ ਸਰਹੱਦ ਤੇ ਜੋ ਹੋਇਆ, ਉਸ ਬਾਰੇ ਸਰਕਾਰ ਨੂੰ ਸਾਫ-ਸਾਫ ਦੱਸਣਾ ਚਾਹੀਦਾ ਹੈ| ਰਾਹੁਲ ਨੇ ਕਿਹਾ ਕਿ ਇਕ ਵਾਰ ਸਰਕਾਰ ਪੂਰੀ ਜਾਣਕਾਰੀ ਸਾਹਮਣੇ ਰੱਖ ਦੇਵੇ, ਫਿਰ ਮੈਂ ਕੁਝ ਕਹਾਂਗਾ|