ਫਿਰੋਜ਼ਪੁਰ 26 ਮਈ 2020 : ਮਾਲਵਾ ਦੇ ਵੱਖ ਵੱਖ ਖੇਤਰਾਂ ਦੇ 925 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 12ਵੀਂ ਸ਼੍ਰਮਿਕ ਐਕਸਪ੍ਰੈੱਸ ਟ੍ਰੇਨ ਮੰਗਲਵਾਰ ਨੂੰ 2 ਵਜੇਫਿਰੋਜ਼ਪੁਰ ਛਾਉਣੀ ਤੋਂ ਬਿਹਾਰ ਦੇ ਬੇਤੀਆ ਲਈ ਰਵਾਨਾ ਹੋਈ। ਇਸ ਟ੍ਰੇਨ ਨੂੰ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਰਾਹੀਂ ਘਰਾਂ ਲਈ ਭੇਜਿਆ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਅੱਜ 12ਵੀਂ ਸ਼੍ਰਮਿਕ ਟ੍ਰੇਨ ਫਿਰੋਜ਼ਪੁਰ ਤੋਂ ਬਿਹਾਰ ਲਈ ਰਵਾਨਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿਚ ਕਰਫ਼ਿਊ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਸੂਬਿਆਂ ਵਿੱਚ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਬਿਹਾਰ ਲਈ ਰਵਾਨਾ ਹੋਈ ਟ੍ਰੇਨ ਦਾ 9,52,000 ਰੁਪਏ ਦਾ ਟਿਕਟਾਂ ਦਾ ਖਰਚਾ ਸਰਕਾਰ ਵੱਲੋਂ ਕਰ ਕੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੇਨਾਂ ਰਾਹੀਂ ਰਵਾਨਾ ਕੀਤੇ ਜਾਂਦੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਫੂਡ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਵੀ ਉਪਲੱਬਧ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਇਨ੍ਹਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਕੋਰੋਨਾ ਵਾਇਰਸ ਸਬੰਧੀ ਹੋਰ ਜ਼ਰੂਰੀ
ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਕਈ ਵਾਰ ਮਜ਼ਦੂਰਾਂ ਦੇ ਬੈਗ ਬੱਸਾਂ ਵਿਚ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਪਸ ਲਿਆਂਦਾ ਜਾ ਰਿਹਾ ਹੈ।
ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਮੁਸ਼ਕਲ ਦੀ ਘੜੀ ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਭੇਜਣ ਲਈ ਕੀਤੇ ਗਏ ਪ੍ਰਬੰਧਾਂ ਤੇ ਸਰਕਾਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਅੱਜ ਉਹ ਆਪਣੇ ਘਰਾਂ ਵਿਚ ਜਾ ਰਹੇ ਹਨ। ਇਸ ਮੌਕੇ ਕਾਨੂੰਗੋ ਰਾਕੇਸ਼ ਅਗਰਵਾਲ, ਸਿਮਰਨਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।