ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਧਦੇ ਪ੍ਰਦੂਸ਼ਣ ਨੂੰ ਵੇਖਦਿਆਂ ਅੱਜ ਐਲਾਨ ਕੀਤਾ ਹੈ ਕਿ ਇਸ ਵਾਰ ਦਿੱਲੀ ਵਿੱਚ ਪਟਾਕਿਆਂ ਤੇ ਪਾਬੰਦੀ ਰਹੇਗੀ|ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਦਿੱਲੀ ਵਿੱਚ ਪਟਾਕੇ ਨਹੀਂ ਚਲਾਏ ਜਾਣਗੇ| ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਦਿੱਲੀ ਦੇ ਅਸੀਂ 2 ਕਰੋੜ ਲੋਕ ਇਕੱਠੇ ਮਿਲ ਕੇ ਦੀਵਾਲੀ ਮਨਾਵਾਂਗੇ| ਸ਼ਾਮ ਨੂੰ ਅਸੀਂ ਸਾਰੇ ਆਪਣੇ-ਆਪਣੇ ਘਰਾਂ ਵਿੱਚ ਲਕਸ਼ਮੀ ਮਾਤਾ ਦੀ ਪੂਜਾ ਕਰਾਂਗੇ ਅਤੇ ਦੀਵਾਲੀ ਮਨਾਵਾਂਗੇ|ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਅਸੀਂ ਪਟਾਕੇ ਨਹੀਂ ਚਲਾਵਾਂਗੇ| ਜੇਕਰ ਅਸੀਂ ਪਟਾਕੇ ਚਲਾਵਾਂਗੇ ਤਾਂ ਅਸੀਂ ਆਪਣੇ ਹੀ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਾਂ| ਆਪਣੇ ਦਿੱਲੀ ਦੇ ਪਰਿਵਾਰ ਦੀ ਜ਼ਿੰਦਗੀ ਨਾਲ ਖੇਡ ਰਹੇ ਹਾਂ| ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਇਸ ਵਾਰ ਕੋਰੋਨਾ ਵਾਇਰਸ ਅਤੇ ਪ੍ਰਦੂਸ਼ਣ ਦੋਹਾਂ ਦਾ ਕਹਿਰ ਹੈ| ਦਿੱਲੀ ਵਾਸੀਆਂ ਅਤੇ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਥਿਤੀ ਨਾਲ ਨਜਿੱਠ ਲਿਆ ਜਾਵੇਗਾ| ਪ੍ਰਦੂਸ਼ਣ ਦੀ ਵਜ੍ਹਾ ਨਾਲ ਕੋਰੋਨਾ ਦੀ ਸਥਿਤੀ ਜ਼ਿਆਦਾ ਖਰਾਬ ਹੋ ਰਹੀ ਹੈ| ਹਰ ਸਾਲ ਪ੍ਰਦੂਸ਼ਣ ਇਨ੍ਹੀਂ ਦਿਨੀਂ ਹੁੰਦਾ ਹੈ| ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਤੋਂ ਬਾਅਦ ਧੂੰਆਂ ਦਿੱਲੀ ਵੱਲ ਆਉਂਦਾ ਹੈ, ਦੁੱਖ ਦੀ ਗੱਲ ਇਹ ਹੈ ਕਿ ਹਰ ਸਾਲ ਇਵੇਂ ਹੁੰਦਾ ਹੈ ਪਰ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ| ਜਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਨਾਲ ਧੂੰਆਂ ਹੁੰਦਾ ਹੈ| ਪਰਾਲੀ ਸਾੜਨ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਵੱਧ ਰਿਹਾ ਹੈ|