ਮਾਨਸਾ, 24 ਮਈ 2020 – ਮਾਨਸਾ ਜ਼ਿਲ੍ਹੇ ਲਈ ਇਹ ਖੁਸ਼ਖਬਰ ਹੈ ਕਿ ਹੁਣ ਇਹ ਜ਼ਿਲ੍ਹਾ ਵੀ ਕੋਰੋਨਾ ਵਾਇਰਸ ਦੇ ਕਹਿਰ ਤੋਂ ਮੁਕਤ ਹੋ ਗਿਆ ਹੈ। ਸਿਵਲ ਹਸਪਤਾਲ ਮਾਨਸਾ ਤੋਂ ਅੱਜ ਆਈਸੋਲੇਟ ਕੀਤੇ 2 ਆਖਰੀ ਕੋਰੋਨਾ ਮਰੀਜ਼ਾਂ ਨੂੰ ਨੈਗੇਟਿਵ ਆਉਣ ‘ਤੇ ਡਿਸਚਾਰਜ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹਨਾਂ ਮਰੀਜਾਂ ਦੀ 10 ਮਈ ਨੂੰ ਰਿਪੋਰਟ ਪਾਜ਼ੀਟਿਵ ਆਉਣ ਤੇ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰਨ ਤੋਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮਾਨਸਾ ਵਿੱਚ ਕੁੱਲ ਕੋਰੋਨਾ ਪਾਜ਼ੀਟਿਵ ਕੇਸ 33 ਸਨ, ਜਿਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਸਾਰੇ ਮਰੀਜਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਮਾਨਸਾ ਜਿਲ੍ਹੇ ਦੇ ਆਈਸੋਲੇਸਨ ਵਾਰਡ ਸਿਵਲ ਹਸਪਤਾਲ ਵਿਖੇ ਕੋਈ ਵੀ ਪਾਜ਼ੀਟਿਵ ਕੇਸ ਦਾਖਲ ਨਹੀਂ ਹੈ, ਜਿਸ ਕਰਕੇ ਹੁਣ ਜਿਲਾ ਮਾਨਸਾ ਗਰੀਨ ਜ਼ੋਨ ਵਿੱਚ ਆ ਚੁੱਕਾ ਹੈ। 23 ਮਈ 2020 ਨੂੰ ਮਾਨਸਾ ਜਿਲੇ ਤੋਂ ਭੇਜੇ ਗਏ ਕੋਵਿਡ19 ਦੇ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਹੁਣ ਤੱਕ ਮਾਨਸਾ ਜਿਲ੍ਹੇ ਵਿੱਚ ਲਗਭਗ 1800 ਦੇ ਕਰੀਬ ਕੋਵਿਡ19 ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰੀਨ ਜੋਨ ਨੂੰ ਬਰਕਰਾਰ ਰੱਖਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਜਿਵੇਂ ਕਿ ਦੋ ਗਜ ਦੀ ਦੂਰੀ ਬਣਾਕੇ ਰੱਖੀ ਜਾਵੇ, ਹੱਥਾਂ ਨੂੰ ਸਾਬਣ ਨਾਲ ਵਾਰਵਾਰ ਧੋਇਆ ਜਾਵੇ, ਨੱਕ, ਮੂੰਹ ਨੂੰ ਢੱਕ ਕੇ ਰੱਖੋ।ਉਹਨਾਂ ਪੰਜਾਬ ਸਰਕਾਰ, ਸਿਹਤ ਮੰਤਰੀ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਮਾਨਸਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿੰਨਾਂ ਦੇ ਸਹਿਯੋਗ ਨਾਲ ਮਾਨਸਾ ਜਿਲੇ ਨੂੰ ਸਿਹਤ ਵਿਭਾਗ ਗਰੀਨ ਜ਼ੋਨ ਵਿੱਚ ਲਿਆਉਣ ਵਿੱਚ ਸਫਲ ਹੋਇਆ ਹੈ। ਉਨਾਂ ਦੱਸਿਆ ਕਿ ਮਾਨਸਾ ਵਿੱਚ ਕੋਵਿਡ19 ਦੇ ਸੈਂਪਲ ਲੈਣ ਲਈ ਆਈ.ਸੀ.ਐਮ.ਆਰ ਦੁਆਰਾ ਮਸੀਨ ਜਲਦ ਹੀ ਸਥਾਪਿਤ ਕੀਤੀ ਜਾ ਰਹੀ ਹੈ। ਮਰੀਜਾਂ ਵੱਲੋਂ ਇਲਾਜ ਦੌਰਾਨ ਉਨਾਂ ਨੂੰ ਮਿਲੀ ਸਹੂਲਤ ਅਤੇ ਠੀਕ ਹੋਣ ਤੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ, ਸਹਾਇਕ ਕਮਿਸਨਰ(ਜ) ਨਵਦੀਪ ਕੁਮਾਰ, ਏਡੀਸੀ (ਵਿਕਾਸ) ਗੁਰਮੀਤ ਸਿੰਘ, ਚੇਅਰਮੈਨ ਜਿਲਾ ਯੋਜਨਾ ਬੋਰਡ ਪ੍ਰੇਮ ਮਿੱਤਲ, ਈ.ਐਨ.ਟੀ ਸਪੈਸਲਿਸਟ ਡਾ. ਰਣਜੀਤ ਰਾਏ, ਡਾ. ਪੰਕਜ ਐਮ.ਡੀ, ਡਾ. ਨਿਸ਼ੀ ਸੂਦ ਐਮ.ਡੀ, ਡਾ. ਵਿਸ਼ਵਜੀਤ ਸਿੰਘ ਖੰਡਾ, ਸੰਤੋਸ ਭਾਰਤੀ, ਡਾ. ਅਰਸ਼ਦੀਪ ਸਿੰਘ ਜਿਲਾ ਐਪੀਡੀਮੋਲੋਜਿਸਟ, ਮਿਸ. ਕਾਜਲ ਜੁਮਨਾਨੀ ਏ.ਐਚ.ਏ, ਨਿਰਮਲਾ ਨਰਸਿੰਗ ਸਿਸਟਰ, ਵਿਜੈ ਕੁਮਾਰ ਐਸ.ਐਲ.ਟੀ ਅਤੇ ਸਟਾਫ ਹਾਜਰ ਸਨ।