ਮਾਨਸਾ, 4 ਅਕਤੂਬਰ 2020 – ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਚਲਾਏ ਜਾ ਰਹੇ ਸੰਘਰਸ਼ ਦੇ ਦੂਜੇ ਸ਼ਹੀਦ ਵਜੀਰ ਸਿੰਘ ਕਿਸ਼ਨਗੜ (70) ਦਾ ਅੱਜ ਰੋਹ ਭਰੇ ਸੰਗਰਾਮੀ ਨਾਅਰਿਆਂ ਦੀ ਗੂੰਜ ’ਚ ਉਨ੍ਹਾਂ ਦੇ ਜੱਦੀ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਿਸਾਨ ਵਜ਼ੀਰ ਸਿੰਘ ਪਿਛਲੇ ਦਿਨੀ ਉਦੋਂ ਗੰਭੀਰ ਜ਼ਖਮੀ ਹੋ ਗਿਆ ਸੀ ਜਦੋਂ ਬਾਦਲ ਮੋਰਚੇ ਤੋਂ ਵਾਪਿਸ ਘਰਾਂ ਨੂੰ ਪਰਤਦਿਆਂ ਉਨ੍ਹਾਂ ਦੀ ਬੱਸ ਪਿੰਡ ਕੋਟਫੱਤਾ ਕੋਲ ਖਲੋਤੇ ਟਰੱਕ ਨਾਲ ਟਕਰਾ ਗਈ ਸੀ। ਇਸ ਤੋਂ ਪਹਿਲਾਂ ਬਠਿੰਡਾ ਹਸਪਤਾਲ ਚੋਂ ਪਿੰਡ ਕਿਸ਼ਨਗੜ੍ਹ ਪੁੱਜੀ ਤਾਂ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ‘ਸ਼ਹੀਦ ਵਜ਼ੀਰ ਸਿੰਘ ਅਮਰ ਰਹੇ’ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਸਨਮਾਨ ਵਜੋਂ ਆਪੋ ਆਪਣੀਆਂ ਜੱਥੇਬੰਦੀਆਂ ਦੇ ਝੰਡੇ ਵਜ਼ੀਰ ਸਿੰਘ ਦੀ ਮ੍ਰਿਤਕ ਦੇਹ ’ਤੇ ਪਾਏ। ਕਿਸਾਨ ਆਗੂਆਂ ਨੇ ਆਖਿਆ ਕਿ ਵਜ਼ੀਰ ਸਿੰਘ ਪੈਲੀਆਂ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ’ਚ ਸ਼ਹੀਦ ਹੋਇਆ ਹੈ ਜਿਸ ਤੇ ਕਿਸਾਨਾਂ ਨੂੰ ਹਮੇਸ਼ਾ ਮਾਣ ਰਹੇਗਾ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇੰਨਾਂ ਸ਼ਹੀਦੀਆਂ ਲਈ ਮੋਦੀ ਸਰਕਾਰ ਜਿੰਮੇਵਾਰ ਹੈ ਪਰ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਸਾਹ ਲਿਆ ਜਾਏਗਾ ਚਾਹੇ ਜਿੰਨੀਆਂ ਮਰਜੀ ਕੁਰਬਾਨੀਆਂ ਕਿਓਂ ਨਾਂ ਕਰਨੀਆਂ ਪੈਣ। ਉਨ੍ਹਾਂ ਆਖਿਆ ਕਿ ਕਿਸ਼ਨਗੜ੍ਹ ਦੇ ਮੁਖਤਿਆਰ ਸਿੰਘ ਅਤੇ ਵਜ਼ੀਰ ਸਿੰਘ ਵੱਲੋਂ ਕਿਸਾਨੀ ਲਈ ਦਿੱਤੀਆਂ ਸ਼ਹੀਦੀਆਂ ਖੇਤੀ ਖੇਤਰ ਲਈ ਸਹਾਈ ਹੋਣਗੀਆਂ।
ਗੌਰਤਲਬ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ’ਚ ਕੀਤੀ ਜਾ ਰਹੀ ਤਬਦੀਲੀ ਖਿਲਾਫ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਲਾਏ ਕਿਸਾਨ ਮੋਰਚੇ ਦੀ ਸਮਾਪਤੀ ਉਪਰੰਤ ਵਾਪਿਸ ਘਰਾਂ ਨੂੰ ਪਰਤਦਿਆਂ ਕਿਸਾਨਾਂ ਦੀ ਮਿੰਨੀ ਬੱਸ ਟਰਾਲੇ ਨਾਲ ਟਕਰਾਉਣ ਦੇ ਸਿੱਟੇ ਵਜੋਂ ਇੱਕ ਕਿਸਾਨੁਖਤਿਆਰ ਸਿੰਘ ਪੁੱਤਰ ਮੋਹਲਾ ਸਿੰਘ ਵਾਸੀ ਕਿਸ਼ਨਗੜ੍ਹ ਦੀ ਮੌਤ ਹੋ ਗਈ ਜਦੋਂਕਿ 12 ਕਿਸਾਨ ਜ਼ਖਮੀ ਹੋ ਗਏ ਸਨ ਜਿੰਨ੍ਹਾਂ ’ਚ ਕਿਸਾਨ ਵਜ਼ੀਰ ਸਿੰਘ ਸ਼ਾਮਲ ਸੀ। ਵਜ਼ੀਰ ਸਿੰਘ ਅਤੇ ਜਖਮੀ ਕਿਸਾਨਾਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਤੇ ਮੈਕਸ ਹਸਪਤਾਲ ਦੇ ’ਚ ਇਲਾਜ ਚੱਲ ਰਿਹਾ ਸੀ। ਵਜੀਰ ਸਿੰਘ ਨੂੰ ਦੀ ਸਥਿਤੀ ਨੂੰ ਦੇਖਦਿਆਂ ਡਾਕਟਰਾਂ ਨੇ ਵੈਟੀਲੇਟਰ ‘ਤੇ ਲਾ ਦਿੱਤਾ ਸੀ, ਜਿਸ ਨੂੰ ਬੀਤੀ ਦੇਰ ਸ਼ਾਮ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ, ਸੋਹਨ ਸਿੰਘ, ਅਮਰੀਕ ਸਿੰਘ ਕਿਸ਼ਨਗੜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਲਵੰਤ ਸਿੰਘ ਤੇ ਦਲਬਾਰਾ ਸਿੰਘ ਕਿਸ਼ਨਗੜ ਤੋਂ ਇਲਾਵਾ, ਬੀਕੇਯੂ ਉਗਰਾਹਾਂ ਦੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਦੋ ਯੋਧਿਆਂ ਦੀਆਂ ਜਾਨਾਂ ਲੈ ਲਈਆਂ ਹਨ, ਪਰ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਜੇਰੇ ਇਲਾਜ ਜਖਮੀ ਕਿਸਾਨਾਂ ਦਾ ਇਲਾਜ ਤਸੱਲੀਬਖਸ਼ ਢੰਗ ਨਾਲ ਕਰਵਾਇਆ ਜਾਵੇ।