ਵੌਰਸੈਸਟਰ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਕਹਿਣਾ ਹੈ ਕਿ ਉਸ ਦੀ ਦੌੜਾਂ ਬਣਾਉਣ ਦੀ ਭੁੱਖ ਹਾਲੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਜਿਵੇਂ 22 ਸਾਲ ਪਹਿਲਾਂ ਹੁੰਦੀ ਸੀ। ਉਹ ਅਗਲੇ ਸਾਲ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਇੱਕ-ਰੋਜ਼ਾ ਵਿਸ਼ਵ ਕੱਪ ਲਈ ਆਪਣੀ ਬੱਲੇਬਾਜ਼ੀ ਨੂੰ ਨਵੇਂ ਮੁਕਾਮ ’ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮਿਤਾਲੀ ਦੀ 89 ਗੇਂਦਾਂ ’ਤੇ ਨਾਬਾਦ 75 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਸ਼ਨਿਚਰਵਾਰ ਨੂੰ ਤੀਸਰੇ ਅਤੇ ਆਖਰੀ ਇੱਕ-ਰੋਜ਼ਾ ਮੁਕਾਬਲੇ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਸ ਪਾਰੀ ਦੌਰਾਨ ਮਿਤਾਲੀ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਕ੍ਰਿਕਟਰ ਬਣ ਗਈ। ਆਇਰਲੈਂਡ ਖ਼ਿਲਾਫ਼ 26 ਜੂਨ 1999 ਨੂੰ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਿਤਾਲੀ ਨੇ ਕਿਹਾ, ‘‘ਅਜਿਹਾ ਵੀ ਸਮਾਂ ਆਇਆ ਜਦੋਂ ਕੁਝ ਕਾਰਨਾਂ ਕਰਕੇ ਮੈਨੂੰ ਲੱਗਾ ਕਿ ਹੁਣ ਬਹੁਤ ਹੋ ਚੁੱਕਿਆ ਹੈ ਪਰ ਕੋਈ ਅਜਿਹੀ ਚੀਜ਼ ਸੀ, ਜਿਸ ਕਰਕੇ ਮੈਂ ਖੇਡਦੀ ਰਹੀ ਅਤੇ ਹੁਣ ਮੈਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਦਿਆਂ 22 ਸਾਲ ਹੋ ਗਏ ਹਨ ਪਰ ਦੌੜਾਂ ਦੀ ਭੁੱਖ ਹਾਲੇ ਵੀ ਨਹੀਂ ਘਟੀ।’’