ਬਠਿੰਡਾ, 4 ਅਕਤੂਬਰ 2020 – ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਨੇ ਯੂ ਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਦਲਿਤ ਲੜਕੀ ਨਾਲ ਕੀਤੇ ਸਮੂਹ ਬਲਾਤਕਾਰ ਪਿੱਛੋਂ ਉਸ ਤੇ ਢਾਹੇ ਤਸ਼ੱਦਦ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਵਿੱਚ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਬਲਾਤਕਾਰੀਆਂ ਦੇ ਇਸ ਮੁਜਰਮਾਨਾ ਵਿਹਾਰ ਪਿਛੋਂ ਪੁਲਿਸ ਨੇ ਮਾਪਿਆਂ ਤੋਂ ਬਿਨਾਂ ਹੀ ਰਾਤ ਦੇ ਹਨੇਰੇ ਵਿੱਚ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਜੋ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲੀ ਕਰਤੂਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਨਾਲ ਕਈ ਤਰਾਂ ਦੇ ਸ਼ੰਕੇ ਖੜੇ ਹੋਣੇ ਸੁਭਾਵਿਕ ਹਨ ਕਿ ਆਖਰਕਾਰ ਅੱਧੀ ਰਾਤ ਨੂੰ ਮਾਪਿਆਂ ਤੋਂ ਬਿਨਾਂ ਸਸਕਾਰ ਕਰਨ ਪਿੱਛੇ ਕੀ ਮਜਬੂਰੀ ਸੀ ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਰਫਾ-ਦਫਾ ਕਰਨ ਵਿੱਚ ਲੱਗੀ ਹੋਈ ਹੈ ਅਤੇ ਸਿਆਸੀ ਆਗੂਆਂ ਤੇ ਮੀਡੀਆ ਨੂੰ ਹਾਥਰਸ ਜਾਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਔਰਤਾਂ ਖ਼ਿਲਾਫ਼ ਮਾਮਲੇ ਵਿੱਚ 3.7 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਬਾਕੀ ਸੂਬਿਆਂ ਚ ਵੀ ਔਰਤਾਂ ‘ਤੇ ਜਬਰ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਹਾਥਰਸ ਘਟਨਾ ਦੀ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਪਿਛੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਆਗੂਆਂ ਨੇ ਆਖਿਆ ਕਿ ’ਬੇਟੀ ਬਚਾਓ-ਬੇਟੀ ਪੜਾਓ’ ਦੀ ਨਾਅਰੇਬਾਜ਼ੀ ਕਾਫੀ ਨਹੀਂ ਹੈ ਬਲਕਿ ਔਰਤ ਵਿਰੋਧੀ ਮਾਨਸਿਕਤਾ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਅਜਿਹੇ ਮਾਮਲੇ ਵਿੱਚ ਇਨਸਾਫ ਲਈ ਲੋਕ ਸੰਘਰਸ਼ਾਂ ਦਾ ਦਬਾਅ ਬਣਾਉਣਾ ਬੇਹੱਦ ਜਰੂਰੀ ਹੈ।