ਮਾਨਸਾ, 4 ਅਕਤੂਬਰ 2020 – ਕੇਂਦਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅਣਮਿਥੇ ਸਮੇਂ ਲਈ ਰੇਲਾਂ ਰੋਕਣ ਦੇ ਦਿੱਤੇ ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਰਿਲਾਇਸ ਕੰਪਨੀ ਦੇ ਤੇਲ ਪੰਪ ਸਰਦੂਲਗੜ ਅਤੇ ਮਾਨਸਾ ਕੈਂਚੀਆਂ ਦਾ ਘਿਰਾਓ ਕਰਕੇ ਤੇਲ ਦੀ ਵਿਕਰੀ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਜਦੋਂਕਿ ਬੁਢਲਾਡਾ ਵਿਖੇ ਦਿੱਲੀ-ਫਿਰੋਜ਼ਪੁਰ ਲਾਇਨ ਤੇ ਲਗਾਤਾਰ ਦਿਨ-ਰਾਤ ਦਾ ਧਰਨਾ ਜਾਰੀ ਹੈ। ਕਿਸਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਵੱਲ ਵੀ ਜਥੇਬੰਦੀ ਨੇ ਸੰਘਰਸ਼ੀ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਊਨਾਂ ਦੱਸਿਆ ਕਿ ਇਸੇ ਨੀਤੀ ਤਹਿਤ ਮਾਨਸਾ ਜ਼ਿਲ੍ਹੇ ਦੇ ਪ੍ਰਾਈਵੇਟ ਥਰਮਲ ਪਲਾਟ ਬਣਾਂਵਾਲੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਬਰੇਟਾ ਵਿਚਲੇ ਰਿਲਾਇਸ ਤੇਲ ਪੰਪ ਨੂੰ ਕੱਲ ਹੀ ਧਰਨਾ ਲਾ ਕੇ ਬੰਦ ਕਰ ਦਿੱਤਾ ਗਿਆ ਸੀ।
ਮਾਨਸਾ ਕੈਂਚੀਆਂ ਵਾਲੇ ਰਿਲਾਇੰਸ ਕੰਪਨੀ ਦੇ ਤੇਲ ਪੰਪ ਦੇ ਘਿਰਾਓ ਦੌਰਾਨ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸਭ ਕੁੱਝ ਲੁਟਾਉਣ ਤੇ ਤੁਰ ਪਈ ਹੈ। ਵੋਟਾਂ ਤੋਂ ਪਹਿਲਾਂ ਨਾਅਰਾ ਦਿੱਤਾ ਸੀ ਕਿ ਹਰੇਕ ਹਿੰਦੂਸਤਾਨੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਵਾਂਗੇ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੂਗਣੀ ਕਰਨ ਦਾ ਹੋਕਾ ਦਿੱਤਾ ਗਿਆ ਸੀ ਜਦੋਂ ਕਿ ਹੁਣ ਆਮ ਲੋਕਾਂ ਦੀਆਂ ਮਹਿੰਗਾਈ ਦੇ ਵਧਣ ਨਾਲ ਜੇਬਾਂ ਖਾਲੀ ਹੋ ਗਈਆਂ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਵੱਲ ਵਧਣ ਲਈ ਵੱਡੀਆਂ ਸਰਮਾਏਦਾਰ ਕੰਪਨੀਆਂ ਖਾਤਰ ਰਾਹ ਪੱਧਰੇ ਕੀਤੇ ਜਾ ਰਹੇ ਹਨ ਜਿਸ ਤਹਿਤ ਕਿਸਾਨਾਂ ਦੀਆਂ ਜਿਨਸਾਂ ਦੀ ਸਰਕਾਰੀ ਖਰੀਦ ਬੰਦ ਕਰਨੀ ,ਐਮ.ਐਸ.ਪੀ. ਦਾ ਖਾਤਮਾ , ਮੰਡੀ ਬੋਰਡ ਸਿਸਟਮ ਨੂੰ ਤੋੜਨਾ ਅਤੇ ਬਿਜਲੀ ਐਕਟ-2020 ਲਿਆ ਕਿ ਬਿਜਲੀ ਦਾ ਸਾਰਾ ਪ੍ਰਬੰਧ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਿਜਲੀ ਸਹੂਲਤਾਂ ਦੂਰ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਜਥੇਬੰਦੀ ਹੋਰਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਂਤਮਈ ਰਹਿੰਦੇ ਹੋਏ ਸੰਘਰਸ਼ ਜਾਰੀ ਰੱਖੇਗੀ। ਅੱਜ ਵੱਖ-ਵੱਖ ਥਾਵਾਂ ਤੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਜਟਾਣਾ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਜਗਦੇਵ ਸਿੰਘ ਭੈਣੀ ਬਾਘਾ, ਜੋਗਿੰਦਰ ਸਿੰਘ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ।