ਚੰਡੀਗੜ੍ਹ,30 ਸਤੰਬਰ,2020: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਵਲੋਂ ਭਾਜਪਾ ਨਾਲੋਂ ਗਠਜੋੜ ਤੋੜਨ ਤੋਂ ਬਾਅਦ ਜਿਸ ਤਰ੍ਹਾਂ ਪੰਥ ਖ਼ਤਰੇ ਵਿੱਚ ਦੱਸਕੇ ਭੜਕਾਊ ਭਾਸ਼ਣਬਾਜ਼ੀ ਕਰਕੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਉਹ ਸਹਿਣਯੋਗ ਨਹੀਂ ਹੈ। ਅਜਿਹਾ ਕਰਕੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਅਨਾੜੀ ਤੇ ਬਚਕਾਨਾਂ ਸਿਆਸਤ ਦੀ ਡੁੱਬਦੀ ਬੇੜੀ ਨੂੰ ਆਖਰੀ ਚੱਪੂ ਵਜੋਂ ਵਰਤਿਆ ਜਾ ਰਿਹਾ। “ਪੰਥ ਖਤਰੇ ਵਿੱਚ ਹੈ” ਦਾ ਪੁਰਾਣਾ ਰਾਗ ਅਲਾਪ ਕੇ ਰੇੜ੍ਹਨ ਦਾ ਅਸਫਲ ਯਤਨ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਹਿਣਾ ਹੈ ਕਿ ਪੰਜਾਬ ਦੇ ਲੋਕ ਹੁਣ ਬਾਦਲਾਂ ਨੂੰ ਮੁੜ ਨਫਰਤ ਦਾ ਲਾਂਬੂ ਲਗਾਕੇ ਸਿਆਸੀ ਰੋਟੀਆਂ ਸੇਕਣ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਨਾ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਵਿੱਚ ਤਰੇੜਾਂ ਪਾਉਣ ਦੀਆਂ ਚਾਲਾਂ ਨੂੰ ਕਦੇ ਕਾਮਯਾਬ ਹੋਣ ਦੇਵੇਗੀ । ਫੈਡਰੇਸ਼ਨ ਦਾ ਕਹਿਣਾ ਹੈ ਕਿ ਬਾਦਲਾਂ ਨੇ ਪਹਿਲਾਂ ਪੰਥ ਖ਼ਤਰੇ ਵਿੱਚ ਦੱਸਕੇ ਇੱਕ ਲੱਖ ਦੇ ਕਰੀਬ ਪੰਜਾਬੀ ਤੇ ਸਿੱਖ ਨੌਜਵਾਨ ਮਰਵਾਏ ਪਰ ਬਾਦਲਾਂ ਦਾ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦਾ ਕੱਖ ਨਹੀਂ ਵਿਗੜਿਆ। ਪਰ ਪੰਜਾਬ ਤੇ ਇਹ ਰਾਜ ਤਿੰਨ ਵਾਰੀ ਕਰ ਗਏ। ਬਾਦਲਾਂ ਦੀਆਂ ਪੰਜਾਬ ਤੇ ਪੰਥ ਮਾਰੂ ਨੀਤੀਆਂ ਕਾਰਨ ਪੰਜਾਬ ਹੁਣ ਬੁੱਢਿਆਂ ਦਾ ਵੱਜਣ ਲੱਗ ਪਿਆ ਹੈ ।
ਫੈਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾਂ ਨੇ ਕਿਹਾ ਕਿ 2012 ਤੋ ਬਾਅਦ ਤਾਂ ਬਾਦਲਾਂ ਦਾ ਬਹੁਤ ਹੀ ਕਰੂਰ ਚਿਹਰਾ ਲੋਕਾਂ ਸਾਹਮਣੇ ਉਜਾਗਰ ਹੋਇਆ ਜਦੋਂ ਬਾਦਲ ਸਰਕਾਰ ਨੇ ਕਿਸਾਨਾਂ ਖਿਲਾਫ ਕਾਨੂੰਨ ਵਿਧਾਨ ਸਭਾ ਵਿਚ ਪਾਸ ਕੀਤਾ ਜੋ ਹੁਣ ਭਾਜਪਾ ਸਰਕਾਰ ਵਲੋਂ ਬਣਾਏ ਤਿੰਨਾਂ ਕਾਨੂੰਨਾਂ ਵਰਗਾ ਹੀ ਸੀ ਜਿਸ ਕਾਰਨ ਕਿਸਾਨਾਂ ਨੇ ਹੁਣ ਵਾਂਗ ਜਬਰਦਸਤ ਵਿਰੋਧ ਕੀਤਾ ਤਾਂ ਬਾਦਲ ਸਰਕਾਰ ਨੇ ਲੋਕਾਂ ਦਾ ਧਿਆਨ ਦੂਜੇ ਪਾਸੇ ਮੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੌਧਾ ਸਾਧ ਦੇ ਪੈਰੋਕਾਰਾਂ ਕੋਲੋਂ ਡੰਕੇ ਦੀ ਚੋਟ ਤੇ ਬੇਅੱਦਬੀ ਕਰਵਾਈ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ 2 ਸਿੰਘ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਕਰਵਾ ਦਿੱਤੇ। ਇਹ ਖਤਰਨਾਕ ਖੇਡ,ਸਿੱਖ ਨੋਜਵਾਨਾਂ ਦੇ ਵੱਡੇ ਕਾਤਲ ਸੁਮੇਧ ਸੈਣੀ ਜਿਸਨੂੰ ਬਾਦਲਾਂ ਨੇ ਆਪਣਾਂ ਮੁਤਬੰਨਾ ਪੁੱਤ ਸਮਝ ਕੇ ਡੀ ਜੀ ਪੀ ਲਗਾਇਆ ਸੀ, ਰਾਹੀਂ ਖੇਡੀ ਗਈ । ਹੁਣ ਕਿਸ ਅਧਾਰ ਤੇ ਬਾਦਲ ਆਪਣੇ ਆਪ ਨੂੰ ਕਿਸਾਨਾਂ ਤੇ ਪੰਥ ਦਾ ਹਿਤੈਸ਼ੀ ਦੱਸ ਰਹੇ ਹਨ ? ਸਿੱਖ ਸੰਗਤਾਂ ਨੂੰ ਪਹਿਲਾਂ 328 ਪਾਵਨ ਸਰੂਪਾਂ ਦਾ ਹਿਸਾਬ ਕਿਤਾਬ ਬਾਦਲ ਦੇਣ ਉਹ ਕਿਥੇ ਤੇ ਕਿਸ ਹਾਲਤ ਵਿੱਚ ਹਨ ?
ਫੈਡਰੇਸ਼ਨ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਾਦਲ ਪਰਵਾਰ ਇੱਕ ਵਾਰ ਫੇਰ ਤਖਤ ਸਾਹਿਬਾਨ ਦਾ ਨਿੱਜੀ ਹਿੱਤਾਂ ਲਈ ਪ੍ਰਯੋਗ ਕਰਕੇ ਪੰਜਾਬ ਦੀ ਸ਼ਾਂਤਮਈ ਭਾਈਚਾਰਕ ਸਾਂਝ ਨੂੰ ਨਫਰਤ ਦੀ ਤੀਲੀ ਲਾ ਕੇ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਦੀ ਤਿਆਰੀ ਕਰ ਰਿਹਾ ਹੈ । ਉਹਨਾਂ ਕਿਹਾ ਫੈਡਰੇਸ਼ਨ ਬਾਦਲ ਪਰਵਾਰ ਦੀਆਂ ਚਾਲਾਂ ਨੂੰ ਭਲੀ ਭਾਂਤ ਸਮਝਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਬਾਦਲਾਂ ਦੇ ਪੰਜਾਬ ਮਾਰੂ ਤੇ ਹਿੰਦੂ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੇ ਇਹਨਾਂ ਦੇ ਸੁਪਨੇ ਕਦੀ ਕਾਮਯਾਬ ਨਹੀਂ ਹੋਣ ਦੇਵੇਗੀ ।