ਚੰਡੀਗੜ੍ਹ,26 ਸਤੰਬਰ 2020- ਬਾਦਲ ਦਲ ਦੀਆਂ ਮੁਸ਼ਕਿਲਾਂ ’ਚ ਹੋਰ ਵਾਧਾ ਹੋ ਸਕਦਾ। ਬਾਦਲ ਦਲ ਖਿਲਾਫ਼ ਰਣਨੀਤੀਆਂ ਘੜਨੀਆਂ ਸ਼ੁਰੂ ਹੋ ਗਈਆਂ ਨੇ। ਮੁੱਖ ਅਸਥਾਨ ਜੱਥਾ ਰੰਧਾਵਾ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਦਰਜਨ ਦੇ ਕਰੀਬ SGPC ਮੈਂਬਰਾਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ 328 ਸਰੂਪਾਂ ਦੇ ਮਾਮਲੇ ‘ਤੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਬਾਰੇ ਕਈ ਅਹਿਮ ਫ਼ੈਸਲੇ ਲਏ ਗਏ ਨੇ। ਇਸ ਦੇ ਨਾਲ ਹੀ 28 ਸਤੰਬਰ ਦੇ ਇਜਲਾਸ (ਸ਼ੈਸਨ) ਬਾਰੇ ਵੀ ਗੱਲ-ਬਾਤ ਕੀਤੀ ਗਈ ਹੈ।
ਇਸ ਮੌਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਬਾਕੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਪ੍ਰਬੰਧ ਦੇ ਅੰਦਰ ਦੀ ਅਤੇ ਸਿੱਖਾਂ ਕੋਲ ਪਿੰਡ ਪਿੰਡ ਪਹੁੰਚਣ ਦੀ ਧਾਰਮਿਕ ਤੌਰ ਤੇ ਖ਼ਾਸ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਯੋਜਨਾ ਬਣਾਈ ਹੈ ਕਿ ਕਮੇਟੀ ਨੂੰ ਅੰਦਰੋਂ ਅਤੇ ਬਾਹਰੋਂ ਸਖ਼ਤ ਟੱਕਰ ਕਿਵੇਂ ਦਿੱਤੀ ਜਾਵੇਗੀ।
ਇਸ ਵਿਸ਼ੇਸ਼ ਮੀਟਿੰਗ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ,ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਵੀ ਮੌਜੂਦ ਰਹੇ। ਨਾਲ ਹੀ ਜਸਵੰਤ ਸਿੰਘ ਪੁੜੈਣ ਮਲਕੀਤ ਸਿੰਘ ਚੰਗਾਲ ਲੋਂਗੋਵਾਲ, ਬਾਬਾ ਗੁਰਮੀਤ ਸਿੰਘ ਤਲੋਕੇਵਾਲ,ਮਹਿੰਦਰ ਸਿੰਘ ਹੁਸੈਨਪੁਰੀ, ਮਿੱਠੂ ਸਿੰਘ ਕਾਹਨੇ ਮਾਨਸਾ, ਸਰਬੰਸ ਸਿੰਘ ਮਾਣਕੀ ਸਮਰਾਲਾ, ਜੈ ਪਾਲ ਸਿੰਘ ਮੰਡੀਆਂ ਮਲੇਰਕੋਟਲਾ, ਹਰਦੇਵ ਸਿੰਘ ਰੋਗਲਾ ਦਿੜਬਾ, ਅਮਰਜੀਤ ਸਿੰਘ ਬੱਬੀਅਲਾ ਤੇ ਹੋਰ ਮੈਂਬਰ ਹਾਜ਼ਰ ਸਨ।
ਪਹਿਲਾਂ ਤੋਂ ਹੀ ਵਿਰੋਧੀ ਧਿਰ ਦਾ ਰੋਲ ਨਿਭਾਅ ਰਹੋ ਮੈਂਬਰਾਂ ਨੂੰ ਵੱਡਾ ਹੌਂਸਲਾ ਮਿਲਿਆ ਕਿਉਂਕਿ ਸੁਖਦੇਵ ਸਿੰਘ ਭੌਰ, ਅਮਰੀਕ ਸਿੰਘ ਸ਼ਾਹਪੁਰ, ਸੁਰਜੀਤ ਸਿੰਘ ਤੁਗਲਵਾਲ, ਜਗਜੀਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ ਮਛੋਡਾ, ਅਮਰੀਕ ਸਿੰਘ ਜਨੇਤਪੁਰ ਸਮੇਤ ਇਕ ਵੱਡਾ ਗਰੁੱਪ ਢੀਂਡਸਾ ਧੜੇ ਦੇ ਮੈਂਬਰਾਂ ਨਾਲ ਭਾਈ ਰਣਜੀਤ ਸਿੰਘ ਜੀ ਦੀ ਧਾਰਮਿਕ ਅਗਵਾਈ ਹੇਠ ਇਕੱਠਾ ਹੋਇਆ। ਇਸ ਮੀਟਿੰਗ ਦਾ ਸੰਕੇਤ ਮਿਲ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਵਿਰੋਧ ਦੀ ਸੁਰ ਤਿੱਖੀ ਹੋਵੇਗੀ।