ਹਿਸਾਰ, 26 ਸਤੰਬਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕੁਝ ਅਣਪਛਾਤੇ ਬਦਮਾਸ਼ਾਂ ਦੇ ਹਮਲੇ ਵਿੱਚ ਇਕ ਪੈਟਰੋਲ ਪੰਪ ਮੈਨੇਜਰ ਦੀ ਮੌਤ ਹੋ ਗਈ ਅਤੇ 2 ਕਰਮੀ ਜ਼ਖਮੀ ਹੋ ਗਏ| ਪੁਲੀਸ ਨੇ ਇਹ ਜਾਣਕਾਰੀ ਦਿੱਤੀ| ਪੁਲੀਸ ਨੇ ਦੱਸਿਆ ਕਿ ਇਹ ਵਾਰਦਾਤ ਉਸ ਸਮੇਂ ਹੋਈ, ਜਦੋਂ ਤਿੰਨੋਂ ਵੀਰਵਾਰ ਦੇਰ ਰਾਤ ਸਿਰਸਾ ਰੋਡ ਸਥਿਤ ਪੈਟਰੋਲ ਪੰਪ ਤੇ ਸੌਂ ਰਹੇ ਸਨ|
ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਖਰਾਦੀਆ ਪਿੰਡ ਵਾਸੀ ਹਨੂੰਮਾਨ (48) ਦੇ ਰੂਪ ਵਿੱਚ ਹੋਈ ਹੈ| ਪੈਟਰੋਲ ਪੰਪ ਦੀ ਸੀ.ਸੀ.ਟੀ.ਵੀ. ਫੁਟੇਜ ਵਿੱਚ ਕੱਪੜੇ ਨਾਲ ਆਪਣਾ ਮੂੰਹ ਢਕੇ ਹੋਏ ਇੱਕ ਵਿਅਕਤੀ ਨੂੰ ਦੇਖਿਆ ਗਿਆ, ਜਿਸ ਨੇ ਹਮਲੇ ਨੂੰ ਅੰਜਾਮ ਦਿੱਤਾ| ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮਲਾਵਰ ਪੰਪ ਨੂੰ ਲੁੱਟਣਾ ਚਾਹੁੰਦੇ ਸਨ| ਉਸ ਨੇ ਪੁਲੀਸ ਨੇ ਦੱਸਿਆ ਕਿ ਕਰਮੀਆਂ ਦੀ ਜੇਬ ਵਿੱਚੋਂ ਪੈਸੇ ਗਾਇਬ ਸਨ| ਪੁਲੀਸ ਨੇ ਦੱਸਿਆ ਕਿ ਜ਼ਖਮੀ ਕਰਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ|