ਕਾਠਮੰਡੂ, 24 ਅਗਸਤ- ਨੇਪਾਲ ਦੇ ਦੱਖਣੀ ਮੈਦਾਨੀ ਖੇਤਰ ਦੇ ਬਾਰਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 6 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਅੱਜ ਤੜਕੇ ਵਾਪਰਿਆ ਅਤੇ ਇਸ ਵਿਚ 19 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਬੱਸ ਕਾਠਮੰਡੂ ਤੋਂ ਜਨਕਪੁਰ ਜਾ ਰਹੀ ਸੀ ਅਤੇ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਬਾਰਾ ਦੇ ਚੂਰੀਆਮਈ ਨੇੜੇ ਇਹ ਹਾਦਸਾ ਵਾਪਰ ਗਿਆ।
ਡਿਪਟੀ ਸੁਪਰਡੈਂਟ ਪ੍ਰਦੀਪ ਬਹਾਦੁਰ ਛੇਤਰੀ ਨੇ ਏ ਐਨ ਆਈ ਨੂੰ ਦੱਸਿਆ ਕਿ ਬੱਸ ਸਵੇਰੇ ਕਰੀਬ 2 ਵਜੇ ਈਸਟ-ਵੈਸਟ ਹਾਈਵੇਅ ਦੇ ਨਾਲ ਸਿਮਰਾ ਸਬ-ਮੈਟਰੋਪੋਲੀਟਨ ਸਿਟੀ-22 ਵਿਖੇ ਚੂਰੀਆਮਈ ਮੰਦਿਰ ਦੇ ਦੱਖਣ ਵਿੱਚ ਇੱਕ ਨਦੀ ਕਿਨਾਰੇ ਤੇ ਪਲਟ ਗਈ ਅਤੇ ਸੜਕ ਤੋਂ ਲਗਭਗ 50 ਮੀਟਰ ਹੇਠਾਂ ਡਿੱਗ ਗਈ। ਪੁਲੀਸ ਨੇ ਮ੍ਰਿਤਕ ਭਾਰਤੀ ਨਾਗਰਿਕਾਂ ਦੀ ਪਛਾਣ ਭਾਰਤ ਦੇ ਰਾਜਸਥਾਨ ਰਾਜ ਤੋਂ ਕਰ ਲਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਨੇਪਾਲੀ ਨਾਗਰਿਕ ਦੀ ਵੀ ਮੌਤ ਹੋ ਗਈ। ਬੱਸ ਵਿੱਚ ਦੋ ਡਰਾਈਵਰਾਂ ਅਤੇ ਇੱਕ ਸਹਾਇਕ ਸਮੇਤ ਕੁੱਲ 27 ਵਿਅਕਤੀ ਸਵਾਰ ਸਨ।