ਆਕਲੈਂਡ, 24 ਸਤੰਬਰ 2020 – ਨਿਊਜ਼ੀਲੈਂਡ ਦੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਇਨ੍ਹਾਂ ਦਾ ਸਬੰਧ ਮੈਨੇਜਡ ਆਈਸੋਲੇਸ਼ਨ ਨਾਲ ਹੈ। ਔਕਲੈਂਡ ਖੇਤਰ ਦੇ ਵਿਚ ਹੁਣ ਲਾਕ ਡਾਊਨ ਪੱਧਰ-2 ਚੱਲ ਰਿਹਾ ਹੈ ਜਿਸ ਕਰਕੇ ਰੈਸਟੋਰੈਂਟਾਂ ਦੇ ਵਿਚ ਦੁਬਾਰਾ ਰੌਣਕ ਪਰਤਣ ਲੱਗੀ ਹੈ। ਵਿਆਹ, ਜਨਮ ਦਿਨ, ਸੰਸਕਾਰ ਅਤੇ ਟਾਂਗੀਹੰਗਿਆ ‘ਚ ਵੱਧ ਤੋਂ ਵੱਧ 100 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਦੇਸ਼ ਦਾ ਬਾਕੀ ਸਾਰਾ ਹਿੱਸਾ ਅਲਰਟ ਲੈਵਲ 1 ਉੱਤੇ ਚੱਲ ਰਿਹਾ ਹੈ ਅਤੇ ਬਹੁਤ ਥੋੜੀਆਂ ਸ਼ਰਤਾਂ ਲਾਗੂ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 65 ਰਹਿ ਗਈ ਹੈ। ਜਿਨ੍ਹਾਂ ਵਿਚੋਂ 34 ਕੇਸ ਕਮਿਊਨਿਟੀ ਅਤੇ 31 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ 6,938 ਟੈਸਟ ਕੀਤੇ ਗਏ। ਕੋਵਿਡ -19 ਨਾਲ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1827 ਕੇਸ ਹਨ। ਜਿਨ੍ਹਾਂ ਵਿੱਚੋਂ 1,468 ਪੁਸ਼ਟੀ ਕੀਤੇ ਤੇ 356 ਸੰਭਾਵਿਤ ਕੇਸ ਹਨ। ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1737 ਹੈ। ਹੁਣ ਤੱਕ ਦੇਸ਼ ‘ਚ ਕੋਵਿਡ ਨਾਲ ਮੌਤਾਂ ਦੀ ਗਿਣਤੀ 25 ਹੈ।
ਕੋਰੋਨਾ ਪਾਜ਼ੀਟਿਵ ਪਰਿਵਾਰ ਦੀ ਸੈਰ ਸਪਾਟਾ ਸਥਾਨ ਦੀ ਫੇਰੀ: ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਕ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਪਰਿਵਾਰ ਸੈਰ ਸਪਾਟਾ ਵਾਲੇ ਸਥਾਨ ਰੋਟੋਰੂਆ ਵਿਖੇ ਵੀ ਘੁੰਮਣ ਗਿਆ ਸੀ। ਇਸਦੇ ਸੰਪਰਕ ਵਿਚ 31 ਲੋਕ ਆਏ ਹਨ। ਇਹ ਪਰਿਵਾਰ ਪਹਿਲਾਂ 14 ਦਿਨ ਆਈਸੋਲੇਸ਼ਨ ਦੇ ਵਿਚ ਰਹਿ ਚੁੱਕਾ ਸੀ ਪਰ ਦੁਬਾਰਾ ਕੋਰੋਨਾ ਪਾਜ਼ੀਟਿਵ ਆ ਗਿਆ। ਕੱਲ੍ਹ ਵਾਲੇ ਤਿੰਨ ਲੋਕ ਵੀ ਉਸੇ ਪਰਿਵਾਰ ਨਾਲ ਸਬੰਧਿਤ ਹਨ। ਇਹ ਲੋਕ ਚਾਰਟਡ ਫਲਾਈਟ ਦੇ ਵਿਚ ਇੱਥੇ ਆਏ ਸਨ ਅਤੇ ਕ੍ਰਾਈਸਟਚਰਚ ਰਹੇ ਸਨ।