ਚੰਡੀਗੜ੍ਹ, 15 ਸਤੰਬਰ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਨੂੰ ਬੀਤੇ ਦਿਨ ਸੰਸਦ ਵਿੱਚ ਪੇਸ਼ ਕਰਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਸੂਬੇ ਦੀ ਕਿਸਾਨੀ ਦੇ ਹਿੱਤਾ ਦੀ ਰੱਖਿਆ ਕਰਨ ਦੇ ਦਾਅਵਿਆਂ ਦਾ ਝੂਠ ਨੰਗਾ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਅੱਗੇ ਪਾਉਣ ਦੀ ਅਖੌਤੀ ਅਪੀਲ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਪੇਸ਼ ਕਰ ਦਿੱਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਇਸ ਮੁੱਦੇ ਸਬੰਧੀ ਡਰਾਮੇਬਾਜ਼ੀ ਕਰ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਸਦਨ ਤੋਂ ਬਾਹਰ ਸੀ ਜਦੋਂ ਇਹ ਆਰਡੀਨੈਂਸ ਸੰਸਦ ਵਿੱਚ ਕਾਨੂੰਨ ਬਣਾਉਣ ਲਈ ਪੇਸ਼ ਹੋਏ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਾਰਾ ਡਰਾਮਾ ਕਿਸਾਨ ਜਥੇਬੰਦੀਆਂ ਨੂੰ ਪਰਚਾਉਣ ਵਾਸਤੇ ਰਚਿਆ ਗਿਆ ਸੀ ਜਿਨ੍ਹਾਂ ਨੇ ਇਸ ਵੇਲੇ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ ਕਮਰ ਕਸੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਫ ਝਲਕਦਾ ਹੈ ਕਿ ਕਿਸਾਨਾਂ ਤੇ ਸੂਬਿਆਂ ਦੇ ਹਿੱਤਾਂ ਨੂੰ ਅੱਖੋ ਪਰੋਖੇ ਕਰਦਿਆਂ ਸਾਜਿਸ਼ ਰਚੀ ਗਈ ਜਦੋਂ ਕਿ ਖੇਤੀਬਾੜੀ ਸੰਵਿਧਾਨ ਅਨੁਸਾਰ ਸੂਬਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ”ਨਹੀਂ ਤਾਂ ਸੁਖਬੀਰ ਸੰਸਦ ਦੇ ਪਹਿਲੇ ਹੀ ਦਿਨ ਗਾਇਬ ਕਿਉਂ ਰਹਿੰਦਾ।” ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਆਰਡੀਨੈਂਸ ਜਿਨ੍ਹਾਂ ਉਤੇ ਅਕਾਲੀ ਦਲ ਨੇ ਵੀ ਮੋਹਰ ਲਗਾਈ ਹੈ, ਕਾਨੂੰਨ ਬਣਾਉਣ ਲਈ ਸੰਸਦ ਵਿੱਚ ਲਿਆਂਦੇ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀਆਂ ਨੇ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਦੌਰਾਨ ਵੀ ਇਹੋ ਹੱਥਕੰਡੇ ਅਪਣਾਏ ਸਨ ਅਤੇ ਆਰਡੀਨੈਂਸ ਵਿਰੋਧੀ ਮਤੇ ਦੇ ਹੱਕ ਵਿੱਚ ਵੋਟ ਤੋਂ ਬਚਣ ਲਈ ਉਸ ਸਮੇਂ ਅਕਾਲੀ ਦਲ ਗੈਰ ਹਾਜ਼ਰ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਕੇਂਦਰ ਵਿੱਚ ਸੱਤਾਧਾਰੀ ਗਠਜੋੜ ਦਾ ਹਿੱਸਾ ਬਣ ਕੇ ਕਿਸਾਨ ਵਿਰੋਧੀ ਤੇ ਸੰਘੀ ਢਾਂਚੇ ਵਿਰੋਧੀ ਆਰਡੀਨੈਂਸਾਂ ਨੂੰ ਹਰੀ ਝੰਡੀ ਦਿੱਤੇ ਜਾਣ ਵਿੱਚ ਮੋਹਰੀ ਰਿਹਾ, ਹੁਣ ਆਰਡੀਨੈਂਸਾਂ ਬਾਰੇ ਸਪੱਸ਼ਟੀਕਰਨ ਅਤੇ ਸੋਧਾਂ ਦਾ ਡਰਾਮਾ ਰਚ ਰਿਹਾ ਹੈ ਤਾਂ ਜੋ ਕਿਸਾਨ ਜਥੇਬੰਦੀਆਂ ਅਤੇ ਯੂਨੀਅਨਾਂ ਨੂੰ ਵਰਗਲਾਇਆ ਜਾ ਸਕੇ ਪਰ ਇਨ੍ਹਾਂ ਵਰਗਾਂ ਨੇ ਹੁਣ ਅਕਾਲੀ ਦਲ ਦੇ ਨਾਟਕ ਪਿੱਛੇ ਲੁਕਿਆ ਅਸਲ ਸੱਚ ਦੇਖ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ, ”ਤੁਸੀਂ ਸਮਝ ਰਹੇ ਹੋ ਕਿ ਪੰਜਾਬ ਦੇ ਲੋਕ ਤੇ ਕਿਸਾਨ ਨਾਸਮਝ ਹਨ? ਉਹ ਹੁਣ ਤੁਹਾਡੀਆਂ ਡਰਾਮੇਬਾਜ਼ੀਆਂ ਅਤੇ ਮੱਗਰਮੱਛ ਦੇ ਹੰਝੂ ਕੇਰਨ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਕੋਸ਼ਿਸ਼ਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਅਕਾਲੀਆਂ ਨੂੰ 2017 ਵਾਂਗ ਖਮਿਆਜ਼ਾ ਭੁਗਤਣਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਪੰਜਾਬ ਦੇ ਹਿੱਤ ਵਿੱਚ ਕਿਸੇ ਵੀ ਵੱਡੇ ਮੁੱਦੇ ‘ਤੇ ਇਕ ਵਾਰ ਸੋਚ-ਵਿਚਾਰ ਕਰ ਲੈਣ ਤੋਂ ਬਾਅਦ ਤੁਸੀਂ ਯੂ.ਟਰਨ ਨਹੀਂ ਲੈ ਸਕਦੇ ਤੇ ਨਾ ਹੀ ਆਪਣਾ ਫੈਸਲਾ ਬਦਲ ਸਕਦੇ ਹੋ ਅਤੇ ਲੋਕ ਤੁਹਾਡੇ ਪਾਸੋਂ ਇਹ ਆਸ ਕਿਵੇਂ ਕਰਨ ਕਿ ਤੁਸੀਂ ਸੰਜੀਦਾ ਹੋ।” ਉਨ੍ਹਾਂ ਨੇ ਸੀ.ਏ.ਏ. ਬਾਰੇ ਅਕਾਲੀਆਂ ਦੇ ਦੋਗਲੇਪਣ ਦਾ ਵੀ ਜ਼ਿਕਰ ਕੀਤਾ ਜਿਸ ਦਾ ਪਹਿਲਾਂ ਤਾਂ ਕੇਂਦਰ ਵਿੱਚ ਭਾਈਵਾਲ ਹੋਣ ਦੇ ਨਾਤੇ ਸਮਰਥਨ ਕੀਤਾ ਅਤੇ ਬਾਅਦ ਵਿੱਚ ਇਸ ਵਿਵਾਦਗ੍ਰਸਤ ਗੈਰ-ਸੰਵਿਧਾਨਕ ਕਾਨੂੰਨ ਦੀ ਮੁਖਾਲਫ਼ਤ ਕਰਨ ਦਾ ਡਰਾਮਾ ਰਚਿਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਸਤਲੁਜ ਯਮੁਨਾ ਲਿੰਕ ਨਹਿਰ ਲਈ ਪ੍ਰਵਾਨਗੀ ਦੇ ਕੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਨੂੰ ਵੇਚਣ ਤੋਂ ਲੈ ਕੇ ਹੁਣ ਕਿਸਾਨਾਂ, ਜਿਨ੍ਹਾਂ ਨੇ ਦਹਾਕਿਆਂ ਤੱਕ ਮੁਲਕ ਲਈ ਅਨਾਜ ਪੈਦਾ ਕੀਤਾ, ਦੇ ਹਿੱਤ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਕੱਖ ਨਹੀਂ ਕੀਤਾ ਸਗੋਂ ਸਾਲਾਂ ਤੋਂ ਆਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਹਿੱਤਾਂ ਨਾਲ ਸੌਦੇਬਾਜ਼ੀ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਖੇਤੀ ਆਰਡੀਨੈਂਸਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਗੰਢਤੁੱਪ ਦੇ ਦੋਸ਼ ਲਾਉਣ ਦੇ ਬਿਆਨਾਂ ਦੀ ਖਿੱਲੀ ਉਡਾਉਂਦਿਆਂ ਆਪ ਲੀਡਰਾਂ ਨੂੰ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਆਲੋਚਨਾ ਕਰਨ ਦੇ ਕਾਹਲਪੁਣੇ ਵਿੱਚ ਆਮ ਆਦਮੀ ਪਾਰਟੀ ਸੱਚਾਈ ਨੂੰ ਜਾਣੇ ਬਿਨਾਂ ਬੇਸਿਰ-ਪੈਰ ਬਿਆਨ ਦਾਗਣ ਦੀ ਆਦਤ ਦਾ ਸ਼ਿਕਾਰ ਹੋ ਚੁੱਕੀ ਹੈ।
ਕੋਵਿਡ ਸਮੇਤ ਕਈ ਮੁੱਦਿਆਂ ਆਪ ਦੇ ਲੀਡਰਾਂ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਕੰਮਾਂ ਕਰਕੇ ਪੰਜਾਬ ਵਿੱਚ ‘ਆਪ’ ਮਜ਼ਾਕ ਦਾ ਪਾਤਰ ਬਣੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਉਪਰ ਅਕਾਲੀ-ਭਾਜਪਾ ਨਾਲ ਗੰਢਤੁੱਪ ਹੋਣ ਦੇ ਤਾਜ਼ਾ ਬਿਆਨ ਨਾ ਸਿਰਫ ਬੇਹੂਦਾ ਹਨ ਸਗੋਂ ਇਨ੍ਹਾਂ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੂਬੇ ਵਿੱਚ ਗਲਤ ਅਤੇ ਬੇਬੁਨਿਆਦ ਜਾਣਕਾਰੀ ਫੈਲਾਉਣ ਲਈ ਪੱਬਾਂ ਭਾਰ ਹੋਈ ਪਈ ਹੈ।