ਜੰਮੂ ਕਸ਼ਮੀਰ ਦੀਆਂ ਸੰਗਤਾਂ ਵੱਲੋਂ ਬੀਬੀ ਜਗੀਰ ਕੌਰ ਦਾ ਸਨਮਾਨ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ’ਤੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਵੱਲੋਂ ਬੀਬੀ ਜਗੀਰ ਨੂੰ ਸਨਮਾਨਿਤ ਕੀਤਾ ਗਿਆ। ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਬੀਬੀ ਜਗੀਰ ਕੌਰ ਨੂੰ ਸਨਮਾਨਿਤ ਕਰਨ ਪੁੱਜੇ ਗੁਰੂ ਨਾਨਕ ਐਜੂਕੇਸ਼ਨਲ ਸੇਵਾ ਸੁਸਾਇਟੀ ਜੰਮੂ ਕਸ਼ਮੀਰ ਦੇ ਪ੍ਰਧਾਨ ਸ. ਸੂਰਤ ਸਿੰਘ ਨੇ ਆਖਿਆ ਕਿ ਬੀਬੀ ਜਗੀਰ ਕੌਰ ਨੇ ਹਮੇਸ਼ਾ ਹੀ ਪੰਥਕ ਪਹਿਰੇਦਾਰੀ ਕੀਤੀ ਹੈ ਅਤੇ ਇਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਸਾਰੇ ਸੂਬਿਆਂ ਦੀ ਸੰਗਤ ਨਾਲ ਰਾਬਤਾ ਬਣਾਈ ਰੱਖਿਆ ਹੈ। ਉਨ੍ਹਾਂ ਬੀਬੀ ਜਗੀਰ ਕੌਰ ਦੇ ਮੁੜ ਪ੍ਰਧਾਨ ਬਣਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਪੰਥਕ ਕਾਰਜਾਂ ਦੇ ਨਾਲ ਨਾਲ ਧਰਮ ਪ੍ਰਚਾਰ ਲਹਿਰ ਵਿਚ ਹਰ ਪੱਧਰ ’ਤੇ ਸਹਿਯੋਗ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸੂਬੇ ਅੰਦਰ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਆਸਾਂ ’ਤੇ ਖਰਾ ਉਤਰਣ ਲਈ ਯਤਨਸ਼ੀਲ ਰਹਿਣਗੇ ਅਤੇ ਦੇਸ਼ ਭਰ ਵਿਚ ਸਿੱਖੀ ਪ੍ਰਚਾਰ ਲਈ ਨਿਰੰਤਰਤਾ ਬਣਾਈ ਜਾਵੇਗੀ। ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਾਂਗੇ, ਤਾਂ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਉਭਾਰਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਜੰਮੂ ਕਸ਼ਮੀਰ ਤੋਂ ਪੁੱਜੀਆਂ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਖਿੱਤੇ ਅੰਦਰ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਸਿੱਖ ਮਿਸ਼ਨ ਨੂੰ ਹੋਰ ਪ੍ਰਫੁੱਲਤ ਅਤੇ ਚੁਸਤ ਦਰੁੱਸਤ ਕਰਨ ਲਈ ਕਾਰਜ ਕੀਤੇ ਜਾਣਗੇ। ਬੀਬੀ ਜਗੀਰ ਕੌਰ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਪੁੱਜੇ ਗੁਰੂ ਨਾਨਕ ਐਜੂਕੇਸ਼ਨਲ ਸੇਵਾ ਸੁਸਾਇਟੀ ਜੰਮੂ ਕਸ਼ਮੀਰ ਦੇ ਨੁਮਾਇੰਦਿਆਂ ਵਿਚ ਸ. ਗੁਰਜੀਤ ਸਿੰਘ ਮੁੱਖ ਆਰਗੇਨਾਈਜਰ, ਸ. ਪਰਮਜੀਤ ਸਿੰਘ, ਸ. ਰਣਜੀਤ ਸਿੰਘ, ਸ. ਸਰੈਣ ਸਿੰਘ, ਸ. ਸੁਲੱਖਣ ਸਿੰਘ, ਸ. ਗੁਰਨਾਮ ਸਿੰਘ, ਸ. ਗੁਰਵਿੰਦਰ ਸਿੰਘ, ਸ. ਦਲਵਿੰਦਰ ਸਿੰਘ, ਸ. ਸੁਰਿੰਦਰ ਸਿੰਘ, ਸ. ਕੁਲਵੰਤ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਬਾਬਾ ਅਮਰੀਕ ਸਿੰਘ ਆਦਿ ਮੌਜੂਦ ਸਨ।