ਅੰਮ੍ਰਿਤਸਰ, 15 ਸਤੰਬਰ 2020 – ਬੀਤੇ ਦਿਨ ਲੌਂਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਬਾਰੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਜਾ ਲਿਖਤੀ ਰੂਪ ਵਿੱਚ ਪੱਤਰ ਦੇ ਕੇ ਜਾਣਕਾਰੀ ਦੀ ਮੰਗ ਕੀਤੀ। ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਨੇ ਇਸ ਬਾਰੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸਾਰੇ ਲੀਡਰ ਤੇ ਵਰਕਰ ਨਿਮਾਣੇ ਸਿੱਖਾਂ ਵਜੋਂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਐਸ.ਜੀ.ਪੀ.ਸੀ. ਪ੍ਰਧਾਨ ਦੇ ਗ੍ਰਹਿ ਵਿਖੇ ਪਹੁੰਚੇ ਸਨ। ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਾਣਕਾਰੀ ਮੰਗੀ। ਇਹ ਸਭ ਕੁਝ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ। ਪਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ ਹੈ ਉੱਕਾ ਹੀ ਬੇ ਬੁਨਿਆਦ ਤੇ ਦੁਖਦਾਈ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਜੇਕਰ ਅਸੀਂ ਰਾਜਨੀਤਿਕ ਰੰਗਤ ਹੀ ਦੇਣੀ ਹੁੰਦੀ ਤਾਂ ਪ੍ਰਧਾਨ ਦਾ ਘਿਰਾਓ ਕਰਦੇ, ਉਹਨਾਂ ਖਿਲਾਫ ਨਾਅਰੇਬਾਜ਼ੀ ਕਰਦੇ ਜਾਂ ਧਰਨਾ ਦਿੰਦੇ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹਲੀਮੀ ਭਰੇ ਲਹਿਜੇ ਵਿੱਚ ਆਪਣੇ ਗੁਰੂ ਸਾਹਿਬ ਦੇ ਸਰੂਪਾਂ ਬਾਰੇ ਪੁੱਛਿਆ, ਇਹ ਕੋਈ ਰਾਜਨੀਤੀ ਨਹੀਂ ਹੋਈ। ਸਭ ਜਾਣਦੇ ਹੋਏ ਵੀ ਉਹਨਾਂ ਨੇ ਭਾਰੀ ਪੁਲਿਸ ਫੋਰਸ ਸੱਦੀ ਹੋਈ ਸੀ। ਪੁਲਿਸ ਨੇ 4-5 ਥਾਵਾਂ ਤੇ ਨਾਕੇ ਲਾ ਕੇ ਪ੍ਰਧਾਨ ਸਾਹਿਬ ਦੇ ਘਰ ਜਾਂਦਾ ਰਾਹ ਰੋਕਿਆ ਹੋਇਆ ਸੀ। ਜਿਸ ਕਾਰਨ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਜਾਂਦੀ ਸੰਗਤ ਨੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕੀਤਾ। ਪੁਲਿਸ ਨੇ ਪਹਿਲਾਂ ਹੀ ਗਿਣਤੀ ਦੇ ਬੰਦਿਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਸੀ। ਇਥੋਂ ਤੱਕ ਕਿ ਪੰਜ ਪਿਆਰਿਆਂ ਨੂੰ ਵੀ ਪੁਲਿਸ ਵੱਲੋਂ ਪ੍ਰਧਾਨ ਲੌਂਗੋਵਾਲ ਦੇ ਘਰ ਦੇ ਗੇਟ ‘ਤੇ ਰੋਕਿਆ ਗਿਆ ਪਰ ਫੇਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰਾਂ ਵੱਲੋਂ ਜੋਰ ਪਾਉਣ ਤੇ ਉਹਨਾਂ ਨੂੰ ਘਰ ਦੇ ਅੰਦਰ ਦਾਖਲ ਹੋਣ ਦਿੱਤਾ ਗਿਆ।
ਲੌਂਗੋਵਾਲ ਨੇ ਇਹ ਵੀ ਵਾਜਿਬ ਨਹੀਂ ਸਮਝਿਆ ਕਿ ਪੰਜਾਂ ਪਿਆਰਿਆਂ ਦਾ ਅੱਗੇ ਹੋ ਕੇ ਸਨਮਾਨ ਕੀਤਾ ਜਾਵੇ ਸਗੋਂ ਆਪਣੇ ਦਫਤਰ ਵਿੱਚ ਹੀ ਬੈਠੇ ਰਹੇ ਤੇ ਪੰਜਾਂ ਪਿਆਰਿਆਂ ਨੂੰ ਬਾਹਰ ਵਿਹੜੇ ਵਿੱਚ ਹੀ ਬਿਠਾ ਦਿੱਤਾ। ਲੌਂਗੋਵਾਲ ਸ਼ਾਇਦ ਭੁੱਲ ਗਏ ਹਨ ਕਿ ਦਸਮ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਪੰਜ ਪਿਆਰਿਆਂ ਦਾ ਹੁਕਮ ਮੰਨਿਆ ਸੀ ਤੇ ਉਹ ਹਮੇਸ਼ਾਂ ਉਹਨਾਂ ਦਾ ਸਤਿਕਾਰ ਕਰਦੇ ਸਨ। ਪ੍ਰਧਾਨ ਲੌਂਗੋਵਾਲ ਵੱਲੋਂ ਪੰਜ ਪਿਆਰਿਆਂ ਨੂੰ ਬਹਿਣ ਲਈ ਢੁਕਵੀਂ ਥਾਂ ਤੱਕ ਨਾ ਦਿੱਤੀ ਗਈ। ਲਗਭਗ ਇੱਕ ਘੰਟਾ ਪੰਜੇ ਸਿੰਘ ਵਿਹੜੇ ਚ ਬੈਠੇ ਰਹੇ ਪਰ ਪ੍ਰਧਾਨ ਲੌਂਗੋਵਾਲ ਨੇ ਉਹਨਾਂ ਨੂੰ ਮਿਲਣਾ ਵੀ ਉਚਿਤ ਨਾ ਸਮਝਿਆ। ਵਾਪਸ ਜਾਣ ਲੱਗੇ ਵੀ ਉਹਨਾਂ ਸ਼ਾਇਦ ਇਹ ਮੁਨਾਸਿਬ ਨਾ ਸਮਝਿਆ ਕੇ ਸਤਿਕਾਰ ਸਹਿਤ ਪੰਜ ਪਿਆਰਿਆਂ ਨੂੰ ਬਾਹਰ ਤੱਕ ਹੀ ਛੱਡਣ ਆ ਜਾਂਦੇ। ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਂ ਪਿਆਰਿਆਂ ਨੂੰ ਇੰਝ ਅਣਗੌਲਿਆਂ ਕਰ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਪ੍ਰਧਾਨ ਲੌਂਗੋਵਾਲ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਕਿ ਉਹਨਾਂ ਦੇ ਕੀ ਕੀ ਫਰਜ਼ ਬਣਦੇ ਹਨ ਤੇ ਉਹ ਕਰ ਕੀ ਰਹੇ ਹਨ। ਜਥੇਦਾਰ ਸੇਖਵਾਂ ਨੇ ਕਿਹਾ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਪਣੀ ਕੁਰਸੀ ਦਾ ਐਨਾ ਹੰਕਾਰ ਨਾ ਕਰਨ। ਇਹ ਅਹੁਦੇ ਇਹ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਰ ਇਹਨਾਂ ਅਹੁਦਿਆਂ ਤੇ ਰਹਿਕੇ ਚੰਗੇ ਜਾਂ ਮਾੜੇ ਕੀਤੇ ਕੰਮ ਸੰਗਤ ਦੇ ਸਦਾ ਯਾਦ ਰਹਿੰਦੇ ਹਨ। ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪਣਾ ਜ਼ਮੀਰ ਜਗਾ ਕੇ ਆਪਣੇ ਫਰਜ਼ ਦੀ ਪਹਿਚਾਣ ਕਰ ਕੌਮ ਦੇ ਅਜਿਹੇ ਭਾਵਨਾਤਮਕ ਮਸਲਿਆਂ ਦਾ ਸੁਹਿਰਦਤਾ ਨਾਲ ਹੱਲ ਕਰਨਾ ਚਾਹੀਦਾ ਹੈ। ਅਖੀਰ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸਦਾ ਕੌਮ ਦੇ ਮਸਲਿਆਂ ਲਈ ਡਟ ਕੇ ਲੜਦਾ ਰਹੇਗਾ।