ਹਸਨ ਅਬਦਾਲ (ਪਾਕਿਸਤਾਨ), 13 ਸਤੰਬਰ, 2020 : ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਦੇ ਸਰੋਵਰ ਵਿਚ ਗੰਦਾ ਪਾਣੀ ਰਲ ਗਿਆ ਹੈ। ਇਮਰਾਨ ਖ਼ਾਨ ਸਰਕਾਰ ਨੇ ਇਸਦਾ ਗੰਭੀਰ ਨੋਟਿਸ ਲੈਂਦਿਆਂ ਗੰਦੇ ਪਾਣੀ ਵਾਲੇ ਨਾਲੇ ਵੱਖ ਨੂੰ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਸਈਦ ਜ਼ੁਲਫੀ ਬੁਖ਼ਾਰੀ ਵੱਲੋਂ ਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੰਦੇ ਨਾਲੇ ਨੂੰ ਵੱਖ ਕਰ ਕੇ ਸਰੋਵਰ ਵਿਚ ਸਿਰਫ਼ ਸਾਫ਼ ਪਾਣੀ ਹੋਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲਈ ਸੁਚੱਜੇ ਪ੍ਰਬੰਧ ਕਰਨ ਤੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਨਵੀਨੀਕਰਨ ਦਾ ਕੰਮ ਤੇਜ਼ ਕਰਨ ਲਈ ਵੀ ਆਖਿਆ ਹੈ। ਬੁਖ਼ਾਰੀ ਨੇ ਖ਼ੁਦ ਆਪਣੇ ਦੌਰੇ ਦੀ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਪਾਣੀ ਤੇ ਸੀਵਰੇਜ ਦਾ ਮਸਲਾ ਤਰਜੀਹ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਹ ਆਪ ਵਿਕਾਸ ਤੇ ਨਵੀਨੀਕਰਨ ਕਾਰਜਾਂ ਦੀ ਨਿਗਰਾਨੀ ਕਰਨਗੇ।