ਸ੍ਰੀ ਮੁਕਤਸਰ ਸਾਹਿਬ, 13 ਸਤੰਬਰ 2020 – ਕੋਵਿਡ-19 ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਵੀਕੈਂਡ ਲਾਕਡਾਊਨ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰ ਭਰਵਾਂ ਅਸਰ ਵੇਖਣ ਨੂੰ ਮਿਲਿਆ। ਲਾਕਡਾਊਨ ਦੇ ਚੱਲਦਿਆਂ ਜਿੱਥੇ ਸ਼ਹਿਰ ਦੇ ਬਜ਼ਾਰ ਸੁੰਨ ਰਹੇ, ਉਥੇ ਹੀ ਸੜਕਾਂ ‘ਤੇ ਲੋਕਾਂ ਦੀ ਆਮਦ ਵੀ ਘੱਟ ਰਹੀ, ਜਦੋਂਕਿ ਪੁਲਸ ਟੀਮਾਂ ਦਿਨ ਭਰ ਸ਼ਹਿਰ ਭਰ ਅੰਦਰ ਗਸ਼ਤ ਕਰਦੀਆਂ ਰਹੀਆਂ। ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਪੁਲਸ ਟੀਮਾਂ ਵੱਲੋਂ ਸਵੇਰ ਵੇਲੇ ਤੋਂ ਹੀ ਸ਼ਹਿਰ ਭਰ ਅੰਦਰ ਗਸ਼ਤ ਜਾਰੀ ਕਰ ਦਿੱਤੀ ਗਈ ਤੇ ਸ਼ਹਿਰ ਦੇ ਬਾਹਰੀ ਰਸਤਿਆਂ ‘ਤੇ ਪੁਲਸ ਨਾਕਿਆਂ ‘ਤੇ ਪੁਲਸ ਮੁਲਾਜ਼ਮ ਤਾਇਨਾਤ ਰਹੇ ਤੇ ਹਰ ਆਉਣ ਜਾਣ ਵਾਲੇ ਰਾਹਗੀਰਾਂ ਦੀ ਚੈਕਿੰਗ ਵੀ ਜਾਰੀ ਰਹੀ। ਉਥੇ ਹੀ ਕੋਵਿਡ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਪ੍ਰਤੀ ਪੁਲਸ ਦੀ ਸਖਤੀ ਵੀ ਦਿਖਾਈ ਦਿੱਤੀ। ਨਾਕਿਆਂ ਤੇ ਗਸ਼ਤ ਦੌਰਾਨ ਬਿਨ੍ਹਾ ਮਾਸਕ ਤੋਂ ਘੁੰਮਣ ਵਾਲਿਆਂ ‘ਤੇ ਪੁਲਸ ਦੀ ਪੈਣੀ ਨਜ਼ਰ ਰਹੀ, ਜਦੋਂਕਿ ਸ਼ਹਿਰ ਦੀਆਂ ਸੜਕਾਂ ‘ਤੇ ਵੀ ਟਾਂਵੇਂ-ਟਾਂਵੇਂ ਲੋਕ ਹੀ ਵਿਖਾਈ ਦਿੱਤੇ। ਦੁਪਹਿਰ ਤੱਕ ਬਜ਼ਾਰ ਬਿਲਕੁਲ ਸੁੰਨ ਸਨ ਤੇ ਸ਼ਾਮ ਢਲਣ ਨਾਲ ਥੋੜ੍ਹੀ ਬਹੁਤ ਲੋਕਾਂ ਦੀ ਆਮਦ ਸੜਕਾਂ ‘ਤੇ ਹੋਣ ਲੱਗੀ ਸੀ, ਕਿਉਂਕਿ ਲਾਕਡਾਊਨ ਦੌਰਾਨ ਸਿਰਫ਼ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਸਨ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦਾ ਚੱਪਾ-ਚੱਪਾ ਸੁੰਨਾ ਸੀ ਤੇ ਪੁਲਿਸ ਟੀਮਾਂ ਲਗਾਤਾਰ ਗਸ਼ਤ ‘ਤੇ ਸਨ।