ਸ੍ਰੀ ਮੁਕਤਸਰ ਸਾਹਿਬ, 13 ਸਤੰਬਰ 2020 – ਸ਼ਹਿਰ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਿੱਥੇ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੀਤੇ ਜਾ ਰਹੇ ਹਨ, ਉਥੇ ਹੀ ਅੱਜ ਉਨ੍ਹਾਂ ਸ਼ਹਿਰ ਦੇ ਥਾਣਿਆਂ ‘ਚ ਪੁੱਜ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐਸਐਸਪੀ ਨੇ ਥਾਣਿਆਂ ਦੀ ਕਾਰਗੁਜ਼ਾਰੀ ਅਤੇ ਇਮਾਰਤਾਂ ਦਾ ਜਾਇਜ਼ਾ ਲਿਆ ਅਤੇ ਥਾਣਿਆਂ ਦੀ ਪਿਛਲੇ ਦਿਨਾਂ ਦੀ ਕਾਰਗੁਜ਼ਾਰੀ ਨੂੰ ਬਾਰੀਕੀ ਨਾਲ ਵਾਚਿਆ। ਉਪਰੰਤ ਥਾਣਿਆਂ ਅੰਦਰ ਤਫਤੀਸ਼ੀ ਯੁਨਿਟ, ਗਾਰਦਾ, ਅਸਲਾ ਅਤੇ ਮਾਲ ਖਾਣਿਆਂ ਦਾ ਰਿਕਾਰਡ ਵਾਚਿਆ ਅਤੇ ਜਿਹੜੇ ਪੁਲਿਸ ਮੁਲਾਜ਼ਮ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ, ਉਨ੍ਹਾਂ ਦਾ ਹੌਂਸਲਾ ਅਫਜ਼ਾਈ ਵੀ ਕੀਤੀ ਗਈ।
ਇਸ ਮੌਕੇ ਐਸ.ਐਸ.ਪੀ ਜੀ ਨੇ ਪੁਲਿਸ ਮੁਲਾਜ਼ਮਾਂ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਨ ਪ੍ਰਤੀ ਵਚਨਬੱਧ ਰਹਿਣ ਲਈ ਪ੍ਰੇਰਿਆ ਅਤੇ ਹਦਾਇਤ ਕੀਤੀ ਤੇ ਕਿਹਾ ਕਿ ਥਾਣਿਆਂ ਅੰਦਰ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਨੂੰ ਕੋਵਿਡ-19 ਪ੍ਰਤੀ ਸੁਚੇਤ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੇ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ, ਇਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ, ਐਸ.ਆਈ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਤੇ ਐਸ.ਆਈ ਵੀਰਪਾਲ ਕੌਰ ਚੌਂਕੀ ਇੰਚਾਰਜ ਬੱਸ ਸਟੈਡ ਵੀ ਹਾਜ਼ਰ ਸਨ।