ਬਠਿੰਡਾ, 1 ਸਤੰਬਰ 2020 – ਬਠਿੰਡਾ ਜ਼ਿਲ੍ਹੇ ’ਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ ਜਿਸ ਮਗਰੋਂ ਖੇਤੀ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜ਼ਿਲ੍ਹੇ ਦੇ ਸੰਗਤ ਬਲਾਕ ਦੇ ਪਿੰਡ ਜੋਧਪੁਰ ਰੋਮਾਣਾ ’ਚ ਗੁਲਾਬੀ ਸੁੰਡੀ ਦੀ ਮਾਰ ਖ਼ਤਰੇ ਦਾ ਨਿਸ਼ਾਨ ਟੱਪ ਚੁੱਕੀ ਹੈ। ਖੇਤੀ ਵਿਭਾਗ ਦੇ ਮਾਹਿਰਾਂ ਮੁਤਾਬਕ ਨਰਮੇ ਦੀ ਫਸਲ ਦਾ 75 ਤੋਂ 100 ਫੀਸਦੀ ਤੰਕ ਨੁਕਸਾਨ ਹੋ ਗਿਆ ਹੈ। ਇਹ ਪਿੰਡ ਬਠਿੰਡਾ-ਡੱਬਵਾਲੀ ਰੋਡ ’ਤੇ ਪੈਂਦਾ ਹੈ ਜਿੱਥੇ ਕਿਸਾਨਾਂ ਦਾ ਨਰਮਾ ਵੱਡੀ ਪੱਧਰ ’ਤੇ ਗੁਲਾਬੀ ਸੁੰਡੀ ਦੀ ਭੇਂਟ ਚੜ ਗਿਆ ਹੈ। ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਖੇਤਾਂ ਤੋਂ ਥੋੜੀ ਹੀ ਦੂਰੀ ’ਤੇ ਜ਼ਿਲ੍ਹੇ ਦਾ ਖੇਤੀਬਾੜੀ ਦਫ਼ਤਰ ਵੀ ਹੈ ਪਰ ਖੇਤੀ ਮਾਹਿਰ ਆਪਣੇ ਹੀ ਗੁਆਂਢ ’ਚ ਗੁਲਾਬੀ ਸੁੰਡੀ ਦਾ ਕੋਈ ਹੱਲ ਨਹੀਂ ਕੱਢ ਸਕੇ ਹਨ।
ਤਾਜਾ ਹਮਲੇ ਨੂੰ ਫਸਲ ਦੇ ਖਰਾਬੇ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਪੈਦਾ ਹੋਣ ਦਾ ਕਾਰਨ ਪਿੰਡ ਦੇ ਕੋਲ ਹੀ ਲੱਗੀ ਇੱਕ ਫੈਕਟਰੀ ਹੈ ਜਿਸ ਦੇ ਫਾਲਤੂ ਸੁੱਟੇ ਸਮਾਨ ਕਾਰਨ ਉਸਦੀ ਪੈਦਾਇਸ਼ ਹੋਈ ਅਤੇ ਹੌਲੀ ਹੌਲੀ ਸੁੰਡੀ ਨੇ ਖੇਤਾਂ ਵੱਲ ਮਾਰ ਸ਼ੁਰੂ ਕਰ ਦਿੱਤੀ। ਖੇਤੀ ਮਾਹਿਰਾਂ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਹ ਪਤਾ ਲਾਉਣ ’ਚ ਜੁਟ ਗਏ ਹਨ ਕਿ ਸੁੰਡੀ ਦੀ ਪੈਦਾਇਸ਼ ਫੈਕਟਰੀ ਵਿੱਚੋਂ ਬਾਹਰ ਸੁੱਟਿਆ ਸਮਾਨ ਹੈ ਜਾਂ ਇਲਾਕੇ ਦੇ ਹੋਰ ਖੇਤਾਂ ’ਚ ਵੀ ਗੁਲਾਬੀ ਸੁੰਡੀ ਨੇ ਹੱਲਾ ਬੋਲਿਆ ਹੈ। ਖੇਤੀ ਵਿਭਾਗ ਵੀ ਫਿਕਰਮੰਦ ਹੈ ਕਿਉਂਕਿ ਇਹ ਹਮਲਾ ਹੋਰਨਾਂ ਪਾਸਿਆਂ ਵੱਲ ਵੀ ਵਧ ਸਕਦਾ ਹੈ।
ਵੇਰਵਿਆਂ ਮੁਤਾਬਿਕ ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨ ਸੋਮਵਾਰ ਨੂੰ ਆਪਣੇ ਖੇਤਾਂ ’ਚੋਂ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਨਰਮੇ ਦੇ ਬੂਟੇ ਪੁੱਟਕੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਆਏ ਸਨ। ਕਿਸਾਨਾਂ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਆਪਣੀ ਸਮੱਸਿਆ ਤੋਂ ਜਾਣੂੰ ਕਰਵਾਇਆ ਸੀ । ਮੁੱਖ ਖੇਤੀਬਾੜੀ ਅਫਸਰ ਡਾ ਬਹਾਦਰ ਸਿੰਘ ਨੇ ਭਰੋਸਾ ਦਿਵਾਇਆ ਸੀ ਕਿ ਉਹ ਟੀਮ ਭੇਜਕੇ ਜਾਂਚ ਕਰਵਾਉਣਗੇ। ਅੱਜ ਖੇਤੀ ਮਾਹਿਰਾਂ ਦੀ ਟੀਮ ਨੈ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸੀਜਨ ਦੌਰਾਨ ਤਾਂ ਉਨ੍ਹਾਂ ਦੇ ਪੱਲੇ ਕੁੱਝ ਪੈ ਗਿਆ ਸੀ ਪਰ ਇਸ ਵਾਰ ਤਾਂ 30-40 ਦਿਨਾਂ ਦੇ ਨਰਮੇ ’ਤੇ ਹੀ ਹਮਲਾ ਹੋਣ ਕਾਰਨ ਉਹ ਖਾਲੀ ਹੱਥ ਰਹਿੰਦੇ ਦਿਖਾਈ ਦੇ ਰਹੇ ਹਨ। ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਆਪਣਾ ਨਰਮਾ ਬਚਾਉਣ ਲਈ ਉਹ ਹਰ ਤੀਜ਼ੇ ਦਿਨ ਕਂਟਨਾਸ਼ਕ ਦਾ ਛਿੜਕਾਅ ਕਰਦਾ ਰਿਹਾ ਹੈ ਜਿਸ ਦਾ ਕੋਈ ਅਸਰ ਨਹੀਂ ਹੋਇਆ।
ਕਿਸਾਨ ਗੁਰਮੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਹੁਣ ਉਸਨੂੰ ਇਹ ਨਰਮਾ ਵਾਹੁਣਾ ਪਵੇਗਾ ਕਿਉਂਕਿ ਇਸ ਦੇ ਨੇਪਰੇ ਚੜਨ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਹੈ। ਇਸ ਕਿਸਾਨ ਨੇ ਇਹ ਨਰਮਾ 50 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਜ਼ਮੀਨ ਲੈ ਕੇ ਬੀਜਿਆ ਸੀ। ਇਨਾਂ ਕਿਸਾਨਾਂ ਦੇ ਖੇਤਾਂ ’ਚ ਵੇਖਿਆ ਗਿਆ ਕਿ ਬੂਟਿਆਂ ’ਤੇ ਜਿੰਨੇ ਵੀ ਟੀਂਡੇ ਲੱਗੇ ਹੋਏ ਹਨ ਹਰ ਇੱਕ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਸੁੰਡੀ ਦੇ ਹਮਲੇ ਕਾਰਨ ਉਨਾਂ ਦੇ ਪੱਲੇ ਕੁੱਝ ਵੀ ਨਹੀਂ ਪਵੇਗਾ । ਉਨਾਂ ਦੱਸਿਆ ਕਿ ਠੇਕੇ ’ਤੇ ਜ਼ਮੀਨ ਲੈਣ ਤੋਂ ਬਾਅਦ ਫਸਲ ਦੀ ਸਾਂਭ ਸੰਭਾਲ ’ਤੇ ਵੀ ਕਾਫੀ ਖਰਚਾ ਕਰ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਫੈਕਟਰੀ ਬੰਦ ਕਰਵਾ ਕੇ ਇਸਦਾ ਪੱਕਾ ਹੱਲ ਕਰਵਾਏ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ ।
ਪ੍ਰਭਾਵਿਤ ਫਸਲ ਦਾ ਜ਼ਾਇਜਾ ਲੈਣ ਪੁੱਜੇ ਖੇਤੀਬਾੜੀ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਪਹਿਲਾਂ ਗੁਲਾਬੀ, ਚਿਤਕਬਰੀ, ਅਮਰੀਕਨ ਤੇ ਤੰਬਾਕੂ ਸੰੁਡੀ ਦਾ ਹਮਲਾ ਹੁੰਦਾ ਸੀ ਪਰ ਬੀਟੀ ਬੀਜ਼ਾਂ ਦੀ ਆਮਦ ਤੋਂ ਬਾਅਦ ਇਨਾਂ ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨਾਂ ਨੇ ਪਹਿਲਾਂ ਇਨਾਂ ਖੇਤਾਂ ਦਾ ਸਰਵੇ ਕੀਤਾ ਸੀ ਉਦੋਂ 6 ਤੋਂ 23 ਫੀਸਦੀ ਨੁਕਸਾਨ ਸੀ ਪਰ ਅੱਜ ਦੇ ਸਰਵੇ ਦੌਰਾਨ ਜਿੰਨੇ ਖੇਤਾਂ ਦੀ ਜਾਂਚ ਕੀਤੀ ਉਨਾਂ ’ਚ 75 ਤੋਂ 100 ਫੀਸਦੀ ਤੱਕ ਨੁਕਸਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੀ ਡੂੰਘਾਈ ਨਾਲ ਜਾਂਚ ਕਰਨ ਹਿੱਤ ਉਹ ਫੈਕਟਰੀ ਤੋਂ ਦੂਰ ਦੇ ਖੇਤਾਂ ’ਚ ਵੀ ਸਰਵੇਖਣ ਕਰਨਗੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਉਨਾਂ ਦੱਸਿਆ ਕਿ ਇਸ ਖਰਾਬੇ ਸਬੰਧੀ ਉਹ ਪੰਜਾਬ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣਗੇ ।
ਕਿਸਾਨਾਂ ਨੂੰ ਢੁੱਕਵਾਂ ਮੁਆਵਜਾ ਦੇਵੇ ਸਰਕਾਰ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਦਾ ਹੀ ਸਿੱਟਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੇ ਕੀਟਨਾਸ਼ਕ ਛਿੜਕੇ ਪਰ ਅਸਰ ਨਹੀਂ ਹੋਇਆ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਸਾਨਾਂ ਨੂੰ ਅਸਲੀ ਬੀਜ ਤੇ ਕੀਟਨਾਸ਼ਕ ਮੁਹੱਈਆ ਕਰਵਾਏ ਹੁੰਦੇ ਤਾਂ ਕਿਸਾਨਾਂ ਨੂੰ ਇਹ ਦਿਨ ਨਹੀਂ ਦੇਖਣੇ ਪੈਣੇ ਸਨ। ਉਨ੍ਹਾਂ ਆਖਿਆ ਕਿ ਸਰਕਾਰਾਂ ਨੇ ਪਹਿਲਾਂ ਵੀ ਮਾੜੇ ਕੀਟਨਾਸ਼ਕ ਵੇਚਣ ਵਾਲਿਆਂ ਖਿਲਾਫ ਬਣਣੀ ਕਾਰਵਾਈ ਨਹੀਂ ਕੀਤੀ ਹੈ। ਕਿਸਾਨ ਆਗੂ ਨੇ ਜਾਇਜਾ ਲੈਕੇ ਕਿਸਾਨਾਂ ਨੂੰ ਢੁੱਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ।