ਨਵੀਂ ਦਿੱਲੀ, 26 ਅਗਸਤ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਅੱਜ ਐਮਰਜੈਂਸੀ ਬੈਠਕ ਕੀਤੀ| ਇਸ ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਥੋੜ੍ਹੀ ਵਧੀ ਹੈ, ਹਾਲਾਂਕਿ ਅੰਕੜੇ ਕੰਟਰੋਲ ਵਿੱਚ ਹਨ| ਆਉਣ ਵਾਲੇ ਦਿਨਾਂ ਵਿਚ ਟੈਸਟਿੰਗ ਦੁੱਗਣੀ ਕੀਤੀ ਜਾਵੇਗੀ| ਕੇਜਰੀਵਾਲ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਜ਼ਿਆਦਾ ਖਰਾਬ ਨਹੀਂ ਹੋਣ ਦੇਵਾਂਗੇ| 17 ਅਗਸਤ ਤੋਂ ਬਾਅਦ ਕੋਰੋਨਾ ਦੇ ਕੇਸ 1200 ਤੋਂ 1400 ਦੇ ਆਲੇ-ਦੁਆਲੇ ਹਨ| ਉਨ੍ਹਾਂ ਕਿਹਾ ਕਿ ਰਿਕਵਰੀ ਦਰ ਦਿੱਲੀ ਵਿੱਚ 90 ਫੀਸਦੀ ਤੋਂ ਵਧੇਰੇ ਹੈ| ਮੌਤ ਦੇ ਅੰਕੜੇ ਦੇਖੀਏ ਤਾਂ ਦਿੱਲੀ ਵਿੱਚ ਕੋਰੋਨਾ ਦਾ ਅੰਕੜਾ ਘਟਿਆ ਹੈ| ਮੌਤ ਦਾ ਅੰਕੜਾ ਰੋਜ਼ਾਨਾ 20 ਤੋਂ ਘੱਟ ਹੈ, ਜਿਸ ਨੂੰ ਜ਼ੀਰੋ ਕਰਾਂਗੇ|
ਕੇਜਰੀਵਾਲ ਨੇ ਕਿਹਾ ਕਿ ਹਸਪਤਾਲਾਂ ਵਿੱਚ ਬੈਡਾਂ ਦੀ ਕਮੀ ਨਹੀਂ ਹੈ| ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ਵਿੱਚ ਨਹੀਂ ਵਧੀ ਹੈ| ਸਾਡੀਆਂ ਤਿਆਰੀਆਂ ਪੂਰੀਆਂ ਹਨ| 14,130 ਬੈਡ ਹਨ, ਉਨ੍ਹਾਂ ਵਿੱਚੋਂ ਸਾਢੇ 10 ਹਜ਼ਾਰ ਬੈੱਡ ਖਾਲੀ ਹਨ| ਐਂਬੂਲੈਂਸ ਦੀ ਸਹੂਲਤ ਵਿੱਚ ਕੋਈ ਕਮੀ ਨਹੀਂ ਹੈ| ਅਸੀਂ ਅੱਜ ਬੈਠਕ ਕੀਤੀ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਟੈਸਟ ਦੀ ਗਿਣਤੀ ਦੁੱਗਣੀ ਕਰਨ ਜਾ ਰਹੇ ਹਾਂ| ਅਸੀਂ ਇਕ ਹਫਤੇ ਦੇ ਅੰਦਰ 40 ਹਜ਼ਾਰ ਟੈਸਟ ਕਰਾਂਗੇ| ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਨਿਸ਼ਾਨਬੱਧ ਕਰ ਕੇ ਆਈਸੋਲੇਟ ਕਰਾਂਗੇ| ਲੋਕ ਜਦੋਂ ਹਸਪਤਾਲਾਂ ਵਿੱਚੋਂ ਠੀਕ ਹੋ ਕੇ ਘਰ ਆ ਜਾਂਦੇ ਹਨ ਤਾਂ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ|
ਸਰਕਾਰ ਨੇ ਫੈਸਲਾ ਲਿਆ ਹੈ ਕਿ ਮਰੀਜ਼ ਠੀਕ ਹੋ ਕੇ ਘਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਕਸੀਮੀਟਰ ਦਿੱਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਮੁੜ ਹਸਪਤਾਲ ਜਾਣ ਦੀ ਨੌਬਤ ਨਾ ਆਵੇ| ਕੇਜਰੀਵਾਲ ਨੇ ਕਿਹਾ ਕਿ ਮਾਸਕ ਜ਼ਰੂਰ ਪਹਿਨੋ ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ| ਸਮਾਜਿਕ ਦੂਰੀ ਦਾ ਪਾਲਣ ਕਰੋ, ਇਹ ਬਹੁਤ ਜ਼ਰੂਰੀ ਹੈ| ਜੇਕਰ ਇਹ ਨਿਯਮ ਤੁਸੀਂ ਨਹੀਂ ਮੰਨਦੇ ਤਾਂ ਇਹ ਤੁਹਾਡੇ ਲਈ ਜਾਨਲੇਵਾ ਹੋ ਸਕਦਾ ਹੈ| ਇਸ ਲਈ ਨਿਯਮਾਂ ਦਾ ਪਾਲਣ ਜ਼ਰੂਰ ਕਰੋ| ਕੋਰੋਨਾ ਦੇ ਲੱਛਣ ਨਜ਼ਰ ਆਉਣ ਤਾਂ ਟੈਸਟ ਜ਼ਰੂਰ ਕਰਵਾਓ|