ਸ੍ਰੀ ਮੁਕਤਸਰ ਸਾਹਿਬ, 25 ਅਗਸਤ2020-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਸਥਿਤ ਨਿੱਜੀ ਰਿਹਾਇਸ਼ ’ਚ ਸਕਿਓਰਿਟੀ ਸਟਾਫ਼ ਰਸੋਈਆ ਤੇ ਕੁੱਝ ਦੀਆਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਬਾਦਲ ਵਿਖੇ ਸਥਿਤ ਰਿਹਾਇਸ਼ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨ ਦਿੱਤਾ ਗਿਆ ਹੈ, ਪਰ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਪੁੱਤਰੀ ਗੁਰਲੀਨ ਕੌਰ ਅਤੇ ਬੇਟੇ ਆਨੰਤਵੀਰ ਸਿੰਘ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਪਰਮਦੀਪ ਸੰਧੂ ਨੋਡਲ ਅਫ਼ਸਰ ਕੋਵਿਡ-19 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਕਤ ਚਾਰਾਂ ਦੇ ਸੈਂਪਲ ਲਏ ਗਏ ਸਨ, ਜੋ ਕਿ ਨੈਗੇਟਿਵ ਆਏ ਹਨ। ਵਰਣਨਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਵੱਡੀ ਸਪੁੱਤਰੀ ਹਰਕੀਰਤ ਕੌਰ ਪਿੰਡ ਬਾਦਲ ਵਿਖੇ ਨਹੀਂ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੈੈਂਪਲ ਅਜੇ ਨਹੀਂ ਲਿਆ ਗਿਆ, ਬਲਕਿ ਵੱਡੀ ਉਮਰ ਹੋਣ ਕਰਕੇ ਉਹ ਸੈਲਫ ਆਈਸੋਲੇਸ਼ਨ ’ਤੇ ਹਨ। ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨਾਲ ਸਬੰਧਿਤ 19 ਵਿਅਕਤੀਆਂ ਦੇ ਕੋਰੋਨਾ ਸੈਂਪਲ ਪਾਜ਼ੇਟਿਵ ਆ ਚੁੱਕੇ ਹਨ।