ਰੂਪਨਗਰ, 21 ਅਗਸਤ 2020 – ਪਿੱਛਲੇ ਚਾਰ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਰੇਕ ਸ਼ਹਿਰ ਵਾਸੀ ਦੀ ਸੁਰੱਖਿਆ ਲਈ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਦੇ ਹਰੇਕ ਵਾਰਡਾਂ ਅਤੇ ਮੁਹੱਲਿਆ/ਕਲੋਨੀਆਂ ਵਿੱਚ ਕੋਰੋਨਾ ਵਾਇਰਸ ਤੋਂ ਬਚਾ ਲਈ ਮਿਸ਼ਨ ਫਤਿਹ ਤਹਿਤ ਸੈਨੇਟਾਇਜੇਸ਼ਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਾਰਜਸਾਧਕ ਅਫਸਰ ਰੂਪਨਗਰ ਭਜਨ ਚੰਦ ਵੱਲੋਂ ਦਿੱਤੀ ਗਈ ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਿੱਛਲੇ ਕੁੱਝ ਦਿਨਾਂ ਦੌਰਾਨ ਮਾਈਕਰੋ ਕੰਟੇਨਮੈਂਟ ਜ਼ੋਨ ਨੋਟਿਸ ਵਿੱਚ ਆਉਣ ਉਪਰੰਤ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਹਰੇਕ ਗਲੀ ਅਤੇ ਘਰਾਂ ਦੇ ਆਸ-ਪਾਸ ਸੈਨੇਟਾਈਜੇਸ਼ਨ ਵਿੱਚ ਹੋਰ ਵੀ ਤੇਜੀ ਲਿਆਂਦੀ ਗਈ ਹੈ। ਜਿਸ ਵਿੱਚ ਨਗਰ ਕੌਂਸਲ ਵੱਲੋਂ ਖੁਲ੍ਹੇ ਏਰੀਏ ਵਾਲੇ ਕੰਨਟੈਨਮੈਂਟ ਜ਼ੋਨ ਵਿੱਚ ਫਾਇਰ ਬ੍ਰਿਗੇਡ ਦੀ ਜੀਪ ਰਾਹੀਂ ਸੈਨੇਟਾਈਜੇਸ਼ਨ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਭਜਨ ਚੰਦ ਈ.ਓ. ਰੂਪਨਗਰ ਨੇ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕਰੋਨਾ ਵਾਇਰਸ ਸੰਕਰਮਿਤ ਵਿਅਕਤੀ ਦੇ ਘਰ ਜਾ ਕੇ ਉਸ ਵਿਅਕਤੀ ਦੇ ਘਰ ਨੂੰ ਵੀ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸੈਨੇਟਾਈਜੇਸ਼ਨ ਦੇ ਨਾਲ-ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਮੁਹੱਲਾ ਨਿਵਾਸੀਆਂ ਨੂੰ ਸਾਊਂਡ ਸਿਸਟਮ ਰਾਹੀਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਜਦੋਂ ਵੀ ਸਿਹਤ ਵਿਭਾਗ ਦੀ ਟੀਮ ਕੰਨਟੇਨਮੈਂਟ ਜ਼ੋਨ ਵਿੱਚ ਸੈਂਪਲਿੰਗ ਲਈ ਆਉਂਦੀ ਹੈ ਤਾਂ ਉਸ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਕਰੋਨਾ ਮਹਾਂਮਾਰੀ ਦੇ ਬਚਾਅ ਸਬੰਧੀ ਸ਼ਹਿਰ ਵਾਸੀਆਂ ਨੂੰ ਸੈਨੇਟਾਈਜੇਸ਼ਨ ਦੇ ਨਾਲ-ਨਾਲ ਪੁਰਜ਼ੋਰ ਅਪੀਲ ਕੀਤੀ ਕਿ ਮਾਸਕ ਲਗਾ ਕੇ ਰੱਖੋ, 6 ਫੁੱਟ ਦੀ ਦੂਰੀ ਬਣਾਈ ਰੱਖੋ, ਆਪਣੇ ਹੱਥਾ ਨੂੰ ਸਾਬਨ ਨਾਲ ਜ਼ਰੂਰਤ ਅਨੁਸਾਰ ਬਾਰ-ਬਾਰ ਧੋਵੋ । ਕਿਸੇ ਕਿਸਮ ਦੀ ਦਿੱਕਤ ਆਉਣ ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰੋ।