ਗੁਰਦਾਸਪੁਰ 30 ਨਵੰਬਰ ਗੁਰਦਾਸੁਪਰ ਜ਼ਿਲ੍ਹਾ ਹੈੱਡਕੁਆਟਰ ’ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ’ਤੇ ਬਣਾਏ ਗਏ ਹਾਈਟੈਕ ਸਹੂਲਤਾਂ ਨਾਲ ਲੈਸ ਨਵੇਂ ਬੱਸ ਸਟੈਡ ਦੇ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਜਿਲੇ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਨਵੇਂ ਬਸ ਸਟੈਂਡ ਦੇ ਉਦਘਾਟਨ ਸਮਾਗਮ ਮੌਕੇ ਕਰਵਾਈ ਜਾਣ ਵਾਲੀ ਰੈਲੀ ਨੂੰ ਇਤਿਹਾਸਿਕ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਆਗੂ ਵੀ ਜੀ ਦੌੜ ਮਿਹਨਤ ਕਰ ਰਹੇ ਹਨ। ਗੁਰਦਾਸਪੁਰ ਹਲਕੇ ਵਿਚ ਹੀ ਰੈਲੀ ਅਤੇ ਉਦਘਾਟਨ ਸਮਾਗਮ ਹੋਣ ਕਾਰਨ ਇਸ ਹਲਕੇ ਦੇ ਲੋਕਾਂ ਦੀ ਸ਼ਮੂਲੀਅਤ ਹੋਰ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਹੋਣੀ ਲਾਜ਼ਮੀ ਮੰਨੀ ਜਾ ਰਹੀ ਹੈ। ਇਸ ਕਾਰਨ ਹਲਕੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਵੀ ਪਿਛਲੇ 3 ਦਿਨਾਂ ਤੋਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਕੇ ਆਪਣੇ ਸਾਥੀਆਂ ਸਮਰਥਕਾਂ ਨੂੰ ਉਕਤ ਰੈਲੀ ‘ਚ ਪਹੁੰਚਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਦਾਵਾ ਕਰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਹ ਰੈਲੀ ਪੂਰੇ ਮਾਝਾ ਖੇਤਰ ਵਿੱਚ ਆਮ ਆਦਮੀ ਪਾਰਟੀ ਦਾ ਵਕਾਰ ਹੋਰ ਉੱਚਾ ਕਰਨ ਵਿੱਚ ਸਹਾਈ ਹੋਵੇਗੀ।
ਪਿੰਡ ਨਬੀਪੁਰ, ਹਰਦੋਛੰਨੀ, ਬੱਬੇਹਾਲੀ ਸਮੇਤ ਹੋਰ ਅਨੇਕਾਂ ਪਿੰਡਾਂ ‘ਚ ਆਯੋਜਿਤ ਮੀਟਿੰਗਾਂ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਦਾਸਪੁਰ ਫੇਰੀ ਇਸ ਹਲਕੇ ਸਮੁੱਚੇ ਜ਼ਿਲ੍ਹੇ ਲਈ ਵਰਦਾਨ ਸਿੱਧ ਹੋਵੇਗੀ। ਉਨਾਂ ਕਿਹਾ ਕਿ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਸਦਕਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਹਰਮਨਪਿਆਰਤਾ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਕਾਰਨ ਲੋਕ ਗੁਰਦਾਸਪੁਰ ਵਿਖੇ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਉਤਸ਼ਾਹਿਤ ਨਜਰ ਆ ਰਹੇ ਹਨ। ਉਨਾਂ ਕਿਹਾ ਕਿ ਗੁਰਦਾਸਪੁਰ ਵਿਖੇ ਹੋਣ ਵਾਲੀ ਇਹ ਰੈਲੀ ਜ਼ਿਲ੍ਹੇ ਦੇ ਵਿਕਾਸ ਲਈ ਵੀ ਮੀਲ ਪੱਥਰ ਸਾਬਿਤ ਹੋਵੇਗੀ ਕਿਉਂਕਿ ਇਸ ਰੈਲੀ ਵਿਚ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਲਈ ਅਨੇਕਾਂ ਅਹਿਮ ਐਲਾਨ ਵੀ ਕੀਤੇ ਜਾਣਗੇ। ਉਨਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2 ਦਸੰਬਰ ਨੂੰ ਹੁੰਮ ਹੁਮਾ ਕੇ ਉਕਤ ਰੈਲੀ ਵਿਚ ਸ਼ਮੂਲੀਅਤ ਕਰਨ।