ਔਕਲੈਂਡ, 21 ਅਗਸਤ 2020 – ਅੱਜ ਨਿਊਜ਼ੀਲੈਂਡ ‘ਚ ਕੋਰੋਨਾ ਪੀੜਤਾਂ ਦੇ 11 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਜਦ ਕਿ 7 ਠੀਕ ਹੋ ਗਏ ਹਨ। ਹੁਣ ਕੁੱਲ ਗਿਣਤੀ 105 ਹੋ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਔਕਲੈਂਡ ਲਈ ਲੌਕਡਾਉਨ-3 ਨੂੰ ਅਜੇ ਚੁੱਕਿਆ ਨਹੀਂ ਜਾਵੇਗਾ ਤੇ ਕੈਬਨਿਟ 24 ਅਗਸਤ ਦਿਨ ਸੋਮਵਾਰ ਨੂੰ ਦੁਬਾਰਾ ਬੈਠਕ ਕਰੇਗੀ। ਗੌਰਤਲਬ ਹੈ ਕਿ ਹਾਲ ਦੀ ਘੜੀ ਔਕਲੈਂਡ ਅਲਰਟ ਲੈਵਲ 3 ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ 26 ਅਗਸਤ, ਰਾਤ 11.59 ਵਜੇ ਤੱਕ ਹੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਅਲਰਟ ਲੈਵਲ-3 ਨੇ ਆਊਟਬ੍ਰੈਕ ਦੇ ਘੇਰੇ ਨੂੰ ਲੱਭਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਆਰਡਨ ਨੇ ਅਮਰੀਕਾ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ, ‘ਨਿਊਜ਼ੀਲੈਂਡ ਬਹੁਤ ਘੱਟ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਵਿੱਚ ਕੋਵਿਡ ਦੇ ਕੇਸ ਅਜੇ ਵੀ ਘੱਟ ਹਨ। ਇਹ ਸ਼ਾਇਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵਾਜਬ ਜਵਾਬ ਸੀ, ਜਿਨ੍ਹਾਂ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਕੋਵਿਡ ਦਾ ਆਊਟਬ੍ਰੈਕ ਕੰਟਰੋਲ ਤੋਂ ਬਾਹਰ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਨਵੇਂ ਕੇਸਾਂ ਵਿੱਚੋਂ 9 ਕੇਸ ਕਮਿਊਨਿਟੀ ‘ਚੋਂ ਹਨ ਅਤੇ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ ਹਨ। ਕਮਿਊਨਿਟੀ ਦੇ 9 ਕੇਸਾਂ ਵਿੱਚੋਂ 5 ਕੇਸ ਦੱਖਣੀ ਆਕਲੈਂਡ ਦੀਆਂ ਚਰਚਾਂ ਨਾਲ ਜੁੜੇ ਹੋਏ ਹਨ, ਨਜ਼ਦੀਕੀ ਸੰਪਰਕਾਂ ਦੀ ਟਰੇਸਿੰਗ ਅਤੇ ਟੈਸਟਿੰਗ ਦਾ ਕੰਮ ਜਾਰੀ ਹੈ। ਕਮਿਊਨਿਟੀ ਦੇ 89 ਕੋਵਿਡ ਕੇਸਾਂ ਵਿੱਚੋਂ 38 ਕੇਸ ਮੌਜੂਦਾ ਕਲੱਸਟਰ ਦਾ ਹਿੱਸਾ ਹਨ ਅਤੇ 1 ਅਜੇ ਵੀ ਜਾਂਚ ਅਧੀਨ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1665 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,315 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1538 ਹੀ ਹੈ, ਕਿਉਂਕਿ 7 ਕੇਸ ਰਿਕਵਰ ਹੋਏ ਹਨ। ਮੌਤਾਂ ਦੀ ਗਿਣਤੀ 22 ਹੀ ਹੈ।