ਸ੍ਰੀ ਮੁਕਤਸਰ ਸਾਹਿਬ, 19 ਅਗਸਤ 2020 – ਸ਼੍ਰੋਮਣੀ ਅਕਾਲੀ ਦਲ(ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਬਿਆਨ ਰਾਹੀਂ ਰਜਿੰਦਰ ਸਿੰਘ ਰਾਜਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਆਪਣੀ ਮਾਂ ਨਾਲ ਮਾੜਾ ਵਤੀਰਾ ਕਰਨ ਤੇ ਘਰੋਂ ਕੱਢਣ ’ਤੇ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ। ਨਾਲ ਹੀ ਪਾਰਟੀ ਵਰਕਰਾਂ ਨੂੰ ਰਾਜਾ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ।
ਬਿਆਨ ਰਾਹੀ ਢੀਂਡਸਾ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਨੂੰ ਮੁਕਤ ਕਰਾਉਣ ਲਈ ਤੁਰੇ, ਮੈਂ ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਬਹੁਤ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸੰਪਰਕ ਕਰਕੇ ਨਾਲ ਤੁਰਨ ਲੱਗੇ ਤੇ ਅੱਜ ਵੀ ਤੁਰ ਰਹੇ ਹਨ। ਉਸ ਸਮੇਂ ਰਜਿੰਦਰ ਸਿੰਘ ਰਾਜਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਮੇਰੇ ਨਾਲ ਸੰਪਰਕ ਕਰਕੇ ਪਾਰਟੀ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਤੇ ਮੈਂ ਉਸਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ, ਪਰ ਮੇਰੇ ਧਿਆਨ ਵਿੱਚ ਆਇਆ ਹੈ ਕਿ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੋਇਆ ਹੈ ਤੇ ਉਹ ਬਹੁਤ ਬੁਰੀ ਹਾਲਤ ਵਿੱਚ ਹੈ।
ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਅਜਿਹੇ ਕਿਰਦਾਰ ਵਾਲੇ ਲੋਕ ਨਹੀਂ ਰੱਖ ਸਕਦੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਰਾਜਿੰਦਰ ਸਿੰਘ ਰਾਜਾ ਮੁਕਤਸਰ ਨਾਲ ਕੋਈ ਸਬੰਧ ਨਾ ਰੱਖਣ, ਕਿਉਂਕਿ ਉਸਦਾ ਹੁਣ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਰਜਿੰਦਰ ਸਿੰਘ ਰਾਜਾ ਤੇ ਉਸਦੇ ਇੱਕ ਹੋਰ ਸਰਕਾਰੀ ਅਫ਼ਸਰ ਭਰਾ ਨੇ ਮਿਲਕੇ ਆਪਣੀ ਮਾਂ ਨੂੰ ਘਰੋਂ ਬਾਹਰ ਕਿਸੇ ਵਿਅਕਤੀ ਨੂੰ ਸੌਂਪਿਆ ਸੀ, ਜਿਸਨੇ ਬੜੀ ਤਰਸਯੋਗ ਹਾਲ ਵਿੱਚ ਮਾਤਾ ਨੂੰ ਰੱਖਿਆ ਸੀ। ਦੇਖਣ ’ਤੇ ਪਤਾ ਚੱਲਿਆ ਸੀ ਕਿ ਮਾਤਾ ਬਿਨ੍ਹਾਂ ਕੱਪੜਿਆਂ ਤੋਂ ਮਹਿਜ਼ 2-2 ਫੁੱਟ ਦੀਆ ਕੰਧਾਂ ਸਹਾਰੇ ਜੀ ਰਹੀ ਸੀ, ਜਿਸਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਾਏ ਜਾਣ ’ਤੇ ਉਸਦੀ ਮੌਤ ਹੋ ਗਈ ਸੀ, ਕਿਉਂਕਿ ਮਾਤਾ ਦੇ ਸਿਰ ’ਚ ਕੀੜੇ ਪੈ ਚੁੱਕੇ ਸਨ। ਮਾਤਾ ਨਾਲ ਅਜਿਹੇ ਰਵੱਈਏ ਦੀ ਕਨਸੋੋਂਅ ਮਿਲਦਿਆਂ ਹੀ ਉਕਤ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਦੇ ਪੁੱਤ ਤੇ ਪਾਰਟੀ ਦੇ ਵਰਕਰ ਰਜਿੰਦਰ ਸਿੰਘ ਰਾਜਾ ਨੂੰ ਪਾਰਟੀ ਤੋਂ ਬਾਹਰ ਕਰ ਦਿਤਾ ਹੈ।