ਨਵੀਂ ਦਿੱਲੀ, 19 ਅਗਸਤ – ਦਿੱਲੀ ਦੀ ਇਕ ਕੋਰਟ ਨੇ ਪੁਲੀਸ ਨੂੰ ਕਾਂਗਰਸ ਦੇ ਸਾਬਕਾ ਨੇਤਾ ਜਗਦੀਸ਼ ਟਾਈਟਲਰ ਵਿਰੁੱਧ 1984 ਸਿੱਖ ਕਤਲੇਆਮ ਮਾਮਲੇ ਵਿੱਚ ਗਵਾਹ ਵਿਵਾਦਿਤ ਹਥਿਆਰ ਸੌਦਾਗਰ ਅਭਿਸ਼ੇਕ ਵਰਮਾ ਨੂੰ ਮਿਲੀ ਸੁਰੱਖਿਆ ਨੂੰ ਇਕ ਮਹੀਨੇ ਤੱਕ ਬਰਕਰਾਰ ਰੱਖਣ ਦਾ ਨਿਰਦੇਸ਼ ਦਿੱਤਾ ਹੈ| ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਹਰਜਯੋਤ ਸਿੰਘ ਭੱਲਾ ਨੇ ਦਿੱਲੀ ਪੁਲੀਸ ਦੇ ਡੀ.ਸੀ.ਪੀ. (ਦੱਖਣ) ਨੂੰ ਵਰਮਾ ਅਤੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦਾ ਪ੍ਰਤੀਨਿਧੀਤੱਵ ਕਰ ਰਹੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਨੂੰ ਹੋਣ ਵਾਲੇ ਸੰਭਾਵਿਤ ਖਤਰਿਆਂ ਦਾ ਮੁੜ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤਾ ਹੈ| ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਨੇ ਨਿਰਦੇਸ਼ ਦਿੱਤਾ ਕਿ ਕੋਰਟ ਦੇ ਪਿਛਲੇ ਆਦੇਸ਼ ਨੂੰ ਡੀ.ਸੀ.ਪੀ. ਨੂੰ ਭੇਜਿਆ ਜਾਵੇ, ਜਿਸ ਵਿੱਚ ਕਿਹਾ ਗਿਆ ਸੀ ਕਿ ਜੱਜ ਨੂੰ ਇਕ ਚਿੱਠੀ ਮਿਲੀ ਹੈ, ਜਿਸ ਵਿੱਚ ਵਰਮਾ ਅਤੇ ਫੂਲਕਾ ਨੂੰ ਧਮਕੀਆਂ ਮਿਲਣ ਦੀ ਗੱਲ ਕਹੀ ਗਈ ਹੈ| ਵਰਮਾ ਨੇ ਆਪਣੀ ਅਰਜ਼ੀ ਵਿੰਚ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਜੋ ਸੁਰੱਖਿਆ ਮਿਲੀ ਸੀ, ਉਸ ਨੂੰ ਦਿੱਲੀ ਪੁਲੀਸ ਨੇ ਬਿਨਾਂ ਕਿਸੇ ਸੂਚਨਾ ਜਾਂ ਨੋਟਿਸ ਦੇ ਅਚਾਨਕ ਹਟਾ ਲਿਆ| ਉਨ੍ਹਾਂ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਣ ਵਾਲੇ ਸੰਭਾਵਿਤ ਖਤਰਿਆਂ ਦਾ ਵੀ ਮੁੜ ਮੁਲਾਂਕਣ ਨਹੀੰ ਕੀਤਾ|