ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੱਜ ਇੰਜੀਨੀਅਰਿੰਗ ਅਤੇ ਆਈ.ਟੀ ਖੇਤਰ ਦੇ ਵਿਦਿਆਰਥੀਆਂ ਲਈ ਵਰਚੁਅਲ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕਰਵਾਕੇ ਨਵੇਂ ਅਕਾਦਮਿਕ ਸੈਸ਼ਨ-2020-21 ਦਾ ਸ਼ਾਨਦਾਰ ਆਗ਼ਾਜ਼ ਕੀਤਾ ਗਿਆ।ਇਸ ਵਰ੍ਹੇ ਚੰਡੀਗੜ੍ਹ ਯੂਨੀਵਰਸਿਟੀ ਦੇ ਦਾਖ਼ਲਿਆਂ ਨੂੰ ਦੁਨੀਆਂ ਭਰ ਦੇ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।ਜਿਸ ਦੇ ਅੰਤਰਗਤ ਵਿਸ਼ਵ ਦੇ 37 ਦੇਸ਼ਾਂ ਤੋਂ ਵੱਧ ਅਤੇ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰਸਾਸ਼ਿਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿਦਿਆਰਥੀ ‘ਵਰਸਿਟੀ ਵਿਖੇ ਇੰਜੀਨੀਅਰਿੰਗ ਖੇਤਰ ‘ਚ ਵੱਖ-ਵੱਖ 27 ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਤਹਿਤ ਪੜ੍ਹਾਈ ਕਰਨਗੇ। ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦੇਸ਼ ਜਿੱਥੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ‘ਵਰਸਿਟੀ ਦੇ ਵੱਖ-ਵੱਖ ਕੋਰਸਾਂ, ਨਿਯਮਾਂ, ਨੀਤੀਆਂ, ਸਿੱਖਿਆ ਦੇ ਪ੍ਰਬੰਧਾਂ, ਸਾਲਾਨਾ ਅਕਾਦਮਿਕ ਕੈਲੰਡਰ, ਆਨਲਾਈਨ ਕਲਾਸਾਂ, ‘ਵਰਸਿਟੀ ਦੀਆਂ ਗਤੀਵਿਧੀਆਂ ਅਤੇ ਸਰਗਰਮੀਆਂ ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਉਥੇ ਹੀ ਵਿਦਿਆਰਥੀਆਂ ਨੂੰ ਕੋਵਿਡ-19 ਹਾਲਾਤਾਂ ਦੌਰਾਨ ਨਵੇਂ ਵਿਦਿਅਕ ਮਾਹੌਲ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਵਾਉਣਾ ਹੈ।
ਜ਼ਿਕਰਯੋਗ ਹੈ ਕਿ ਅੱਜ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਆਈ.ਟੀ ਖੇਤਰ ਦੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਅਕਾਦਮਿਕ ਗਠਜੋੜਾਂ ਅਧੀਨ ਯੂਨੀਵਰਸਿਟੀ ਆਫ਼ ਕੈਨਬਰਾ, ਆਸਟ੍ਰੇਲੀਆ ਅਤੇ ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ, ਯੂ.ਐਸ.ਏ ਵੱਲੋਂ ਪੇਸ਼ ਕੀਤੇ ਜਾਂਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪ੍ਰੋਗਰਾਮ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੇ ਓਰੀਐਂਟੇਸ਼ਨ ਪ੍ਰੋਗਰਾਮ ‘ਚ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਏਪੈਕਸ ਇੰਸਟੀਚਿਊਟ ਆਫ਼ ਟੈਕਨਾਲੋਜੀ ਵੱਲੋਂ ਇੰਡਸਟਰੀ ਗਠਜੋੜਾਂ ਤਹਿਤ ਆਈ.ਬੀ.ਐਮ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਆਨਰਸ) ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੇ ਇਹ ਪ੍ਰੋਗਰਾਮ ‘ਚ ਸ਼ਮੂਲੀਅਤ ਕੀਤੀ।ਇਸ ਦੌਰਾਨ ‘ਵਰਸਿਟੀ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਆਨਲਾਈਨ ਪੱਧਰੀ ਸੰਵਾਦ ਸਥਾਪਤ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਕੋਰਸਾਂ ਸਬੰਧੀ ਸਰੋਤਾਂ ਅਤੇ ‘ਵਰਸਿਟੀ ਦੀਆਂ ਸਰਗਰਮੀਆਂ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀ ਜੀਵਨ ਵਿੱਚ ਉੱਚੇ ਮਨਸੂਬੇ ਰੱਖਣ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ।ਉਨ੍ਹਾਂ ਕਿਹਾ ਕਿ ਕਿਸੇ ਵੀ ਉਦੇਸ਼ ਅਤੇ ਟੀਚੇ ਦੀ ਪ੍ਰਾਪਤੀ ਦ੍ਰਿੜ ਨਿਸ਼ਚੇ ਅਤੇ ਲਗਨ ਨਾਲ ਹੋ ਸਕਦੀ ਹੈ। ਵਾਈਸ ਚਾਂਸਲਰ ਨੇ ਦੱਸਿਆ ਕਿ ‘ਵਰਸਿਟੀ ਵੱਲੋਂ ਕੋਵਿਡ-19 ਦੇ ਹਾਲਾਤਾਂ ਕਾਰਨ ਵਿਦਿਆਰਥੀਆਂ ਨੂੰ ਨਿਰਵਿਘਨ ਸਿੱਖਿਆ ਮੁਹੱਈਆ ਕਰਵਾਉਣ ਲਈ ਮੁਕੰਮਲ ਤੌਰ ‘ਤੇ ਆਨਲਾਈਨ ਪੱਧਰ ‘ਤੇ ਬਲੈਕਬੋਰਡ ਸਿੱਖਿਆ ਪ੍ਰਣਾਲੀ ਜ਼ਰੀਏ ਢੁਕਵਾਂ ਮੰਚ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਪ੍ਰਕੈਟੀਕਲ ਲੈਬਾਂ ‘ਚ ਤਕਨੀਕੀ ਅਤੇ ਤਜ਼ਰਬੇ ਆਧਾਰਿਤ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਿੱਖਿਆ ਸਬੰਧੀ ਸਾਰੇ ਸਰੋਤ, ਆਨ ਲਾਈਨ ਵਿਚਾਰ ਗੋਸ਼ਟੀਆਂ, ਵੈਬਿਨਾਰਾਂ, ਵਰਕਸ਼ਾਪਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੰਪੂਰਨ ਤੌਰ ‘ਤੇ ਆਧੁਨਿਕ ਬਲੈਕਬੋਰਡ ਐਲ.ਐਮ.ਐਸ ਸਿੱਖਿਆ ਪ੍ਰਣਾਲੀ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ 15 ਤੋਂ ਜ਼ਿਆਦਾ ਪਾਰਦਰਸ਼ੀ, ਅਗਾਂਹਵਧੂ ਅਤੇ ਢੁੱਕਵੇਂ ਸਿਖਲਾਈ ਮਾਡਲਾਂ ਦੀ ਸਹੂਲਤ ਮੁਹੱਈਆ ਕਰਵਾਏਗੀ ਜਿਵੇਂ ਕਿ ਅਲਟਰਾ, ਸਹਿਯੋਗੀ, ਗ੍ਰੇਡ ਸੈਂਟਰ, ਨਿਯਮਿਤ ਕਲਾਸਰੂਮ ਸਿਖਲਾਈ, ਡਿਜੀਟਲ ਲਰਨਿੰਗ, ਈ-ਸਰੋਤ, ਰੋਜ਼ਾਨਾ ਟਾਈਮ-ਟੇਬਲ ਮੈਨੇਜਮੈਂਟ, ਹਾਜ਼ਰੀ ਦੇਖ-ਰੇਖ, ਈ-ਲਾਇਬ੍ਰੇਰੀ, ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ, ਗ੍ਰੇਡਿੰਗ, ਗਰੁੱਪ ਮੈਨੇਜਮਂੈਟ, ਸੋਸ਼ਲ ਲਰਨਿੰਗ, ਡੇਟਾ ਮੈਨੇਜਮਂੈਟ ਅਤੇ ਆਨ-ਲਾਈਨ ਅਸਾਈਨਮਂੈਟ ਜਮ੍ਹਾਂ ਹੋਣਾ ਆਦਿ ਇਸ ‘ਚ ਸ਼ਾਮਲ ਹਨ।
ਦੱਸਣਯੋਗ ਹੈ ਕਿ 21 ਅਗਸਤ ਤੱਕ ਚੱਲਣ ਵਾਲੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਹਰ ਰੋਜ਼ ਵੱਖ-ਵੱਖ ਕੋਰਸਾਂ ਮੁਤਾਬਕ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਦੌਰਾਨ ਦੇਸ਼ ਦੀਆਂ ਨੌਜਵਾਨ ਸਖ਼ਸ਼ੀਅਤਾਂ ਜਿਵੇਂ ਕਿ ਕ੍ਰਿਕਟਰ ਹਰਭਜਨ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ (ਆਈ.ਏ.ਐਸ), ਅਰਜੁਨ ਐਵਾਰਡੀ ਭਾਰਤੀ ਬੌਕਸਰ ਅਖਿਲ ਕੁਮਾਰ, ਨਨਦੀਸ਼ ਸੰਧੂ ਟੈਲੀਵਿਜ਼ਨ ਅਦਾਕਾਰ ਅਤੇ ਮਾਡਲ, ਡੀ.ਆਈ.ਜੀ ਬਰੇਲੀ ਰੇਂਜ ਅਤੇ ਚਾਰ ਵਾਰ ਰਾਸ਼ਟਰਪਤੀ ਐਵਾਰਡ ਜੇਤੂ ਰਾਜੇਸ਼ ਪਾਂਡੇ (ਆਈ.ਪੀ.ਐਸ), ਪੰਜਾਬੀ ਗਾਇਕ ਗੁਰਨਾਮ ਭੁੱਲਰ, ਹਾਕੀ ਖਿਡਾਰੀ ਅਤੇ ਹਰਿਆਣਾ ਸੂਬਾ ਕੈਬਿਨਟ ਮੰਤਰੀ ਸਨਦੀਪ ਸਿੰਘ ਅਤੇ ਗੋਲਡ ਮੈਡਲ ਜੇਤੂ ਪ੍ਰਭਜੋਤ ਸਿੰਘ, ਅਦਾਕਾਰ ਸ਼ਰਦ ਕਪੂਰ, ਭਾਰਤੀ ਕ੍ਰਿਕਟਰ ਐਸ. ਸ਼੍ਰੀਸ਼ਾਂਤ, ਭਾਰਤੀ ਗਾਇਕ ਜਾਜ਼ਿਮ ਸ਼ਰਮਾ, ਫ਼ਿਲਮ ਡਾਇਰੈਕਟਰ ਰਾਹੁਲ ਰਾਵੇਲ, ਕਾਮਨਵੈਲਥ ਗੇਮਜ਼ ‘ਚ ਸੋਨ ਤਮਗ਼ਾ ਜੇਤੂ ਭਾਰਤੀ ਸ਼ੂਟਰ ਅਵਨੀਤ ਸਿੱਧੂ, ਲਗਾਤਾਰ 8 ਵਾਰ ਜਰਮਨੀ ਲੀਗ ਟੂਰਨਾਮੈਂਟ ਖੇਡਣ ਵਾਲੇ ਦੇਸ਼ ਦੇ ਇਕਲੌਤੇ ਹਾਕੀ ਖਿਡਾਰੀ ਯੁਵਰਾਜ ਵਾਲਮੀਕਿ, ਪ੍ਰਸਿੱਧ ਮਾਡਲ ਨੀਓਨੀਕਾ ਚੈਟਰਜ਼ੀ, ਨਿਊਜ਼ ਐਂਕਰ ਅਨੁਰਾਗ ਦਿਕਸ਼ਿਤ, ਮਿਸ ਇੰਡੀਆ ਸ਼੍ਰਿਸ਼ਟੀ ਸੁਧੇਰਾ, ਸੋਨ ਤਮਗ਼ਾ ਜੇਤੂ ਭਾਰਤੀ ਰੈਸਲਰ ਅਤੇ ਅਦਾਕਾਰ ਸੰਗਰਾਮ ਸਿੰਘ, ਪ੍ਰਸਿੱਧ ਬੁਲਾਰੇ ਸਿਮਰਨਜੀਤ ਸਿੰਘ, ਮਿਸ ਏਸ਼ੀਆ ਟੂਰਿਜ਼ਮ ਤਾਨੀਆ ਮਿੱਤਲ, ਪਲੇਅਬੈਕ ਗਾਇਕ ਤੁਲਸੀ ਕੁਮਾਰ, ਹਿੰਦੀ ਕਵੀ ਕੁਮਾਰ ਵਿਸ਼ਵਾਸ ਆਦਿ ਵੱਖ-ਵੱਖ ਵੈਬਿਨਾਰਾਂ, ਵਿਚਾਰ ਗੋਸ਼ਟੀਆਂ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਜ਼ਿਕਰਯੋਗ ਹੈ ਕਿ ਅੱਜ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਬਿਹਤਰ ਗਿਆਨ ਦੇਣ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਮੋਟੀਵੇਸ਼ਨਲ ਲੈਕਚਰ ਦਾ ਆਯੋਜਨ ਵੀ ਕਰਵਾਇਆ ਗਿਆ। ਜਿਸ ਦੌਰਾਨ ਪ੍ਰਸਿੱਧ ਲੇਖਕ, ਮਹਿਲਾ ਲੀਡਰ ਐਵਾਰਡੀ ਸ੍ਰੀਮਤੀ ਪ੍ਰਿਆ ਕੁਮਾਰੀ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਦੌਰਾਨ ਵਿਦਿਆਰਥੀਆਂ ਦੇ ਮਨੋਰੰਜਨ ਲਈ ਲਾਈਵ ਬੈਂਡ ਪੇਸ਼ਕਾਰੀ ਦਾ ਆਯੋਜਨ ਵੀ ਕਰਵਾਇਆ ਗਿਆ, ਜਿਸ ਦੌਰਾਨ ‘ਪ੍ਰਚੰਡ ਦਿ ਬੈਂਡ’ ਦੀ ਟੀਮ ਨੇ ਬਾ-ਕਮਾਲ ਲਾਈਵ ਪੇਸ਼ਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਸਮੁੱਚੇ ਵਿਦਿਅਕ ਪ੍ਰਬੰਧ ਵਿਸ਼ਵ ਪੱਧਰੀ ਲੋੜਾਂ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤੇ ਹਨ।ਉਨ੍ਹਾਂ ਕਿਹਾ ਕਿ ‘ਵਰਸਿਟੀ ਵੱਲੋਂ ਅਪਣਾਏ ਆਧੁਨਿਕ ਅਕਾਦਮਿਕ ਮਾਡਲ, ਰੀਸਰਚ, ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਇੰਡਸਟਰੀ ਗਠਜੋੜਾਂ, ਵਿਦਿਆਰਥੀ ਪਲੇਸਮੈਂਟ, ਖੇਡ ਅਤੇ ਸੱਭਿਆਚਾਰਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਸਦਕਾ ‘ਵਰਸਿਟੀ ਨੂੰ ਐਨੇ ਘੱਟ ਅਰਸੇ ‘ਚ ਨੈਕ ਏ ਪਲੱਸ ਗਰੇਡ ਸੰਸਥਾ ਹੋਣ ਦਾ ਮਾਣ ਹਾਸਲ ਹੋਇਆ ਹੈ, ਜਿਸ ਦੇ ਚਲਦੇ ‘ਵਰਸਿਟੀ ਹੋਰ ਰਾਸ਼ਟਰੀ ਰੈਕਿੰਗਾਂ ‘ਚ ਵੀ ਚੋਟੀ ਦੀਆਂ ਯੂਨੀਵਰਸਿਟੀਆਂ ‘ਚ ਸ਼ੁਮਾਰ ਹੋ ਗਈ ਹੈ। ਉਨ੍ਹਾਂ ਆਖਿਆ ਕਿ ‘ਵਰਸਿਟੀ ਵੱਲੋਂ ਇਸ ਵਰ੍ਹੇ ਤੋਂ ਅੰਤਰਰਾਸ਼ਟਰੀ ਅਕਾਦਮਿਕ ਗਠਜੋੜਾਂ ਦੇ ਸਹਿਯੋਗ ਨਾਲ ਕੁੱਝ ਭਵਿੱਖਮੁਖੀ ਕੋਰਸਾਂ ਦਾ ਆਗ਼ਾਜ਼ ਵੀ ਕੀਤਾ ਗਿਆ ਹੈ ਜਦਕਿ ਅਕਾਦਮਿਕ ਅਤੇ ਇੰਡਸਟਰੀ ਵਿਚਾਲੇ ਪਾੜੇ ਨੂੰ ਪੂਰਨ ਲਈ ਇੰਡਸਟਰੀ ਭਾਈਵਾਲੀ ਤਹਿਤ ਕੁੱਝ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਜਿਸ ਅਧੀਨ ਇੰਡਸਟਰੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਤਜ਼ਰਬੇ ਆਧਾਰਿਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਅੰਤ ਵਿੱਚ ਉਨ੍ਹਾਂ ਸਮੁੱਚੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੇ ਸੁਨਹਿਰੇ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।