ਬਠਿੰਡਾ,10ਸਤੰਬਰ2021:ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਿਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਕੀਤੀ “ਨੈਸ਼ਨਲ ਇੰਸਟੀਚਿਊਸਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) ਰੈਂਕਿੰਗਜ 2021’ ਵਿੱਚ 84ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਸਦਕਾ ਯੂਨੀਵਰਸਿਟੀ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਲਗਾਤਾਰ ਤੀਜੀ ਵਾਰ ਐਨਆਈਆਰਐਫ ਰੈਂਕਿੰਗ ਵਿੱਚ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਭਾਰਤ ਦੀਆਂ 45 ਕੇਂਦਰੀ ਯੂਨੀਵਰਸਿਟੀਆਂ ਵਿਚੋਂ 12ਵੇਂ ਸਥਾਨ ਤੇ ਰਹੀ ਹੈ। ਯੂਨੀਵਰਸਿਟੀ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਨੇ 2019 ਵਿੱਚ 95ਵੇਂ ਰੈਂਕ ਅਤੇ 2020 ਵਿੱਚ 87ਵੇਂ ਰੈਂਕ ਦੀ ਤੁਲਨਾ ਵਿੱਚ ਇਸ ਸਾਲ 84ਵੇਂ ਰੈਂਕ ਦੇ ਨਾਲ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਿਆਰਥੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਖਤ ਮਿਹਨਤ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਉਣ ਵਾਲੇ ਸਾਲਾਂ ਵਿੱਚ ਨਾਂ ਕੇਵਲ ਆਪਣੀ ਰੈਂਕਿੰਗ ਬਰਕਰਾਰ ਰੱਖਣ ਬਲਕਿ ਹੋਰ ਸੁਧਾਰ ਲਿਆਉਣ ਲਈ ਹੋਰ ਵੀ ਸਖਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਫੈਕਲਟੀ ਅਤੇ ਖੋਜ-ਕਰਤਾਵਾਂ ਨੂੰ ਆਪੋ ਆਪਣੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਖੋਜ ਪ੍ਰਕਾਸ਼ਨ, ਖੋਜ ਪ੍ਰੋਜੈਕਟਾਂ ਅਤੇ ਪੇਟੈਂਟਾਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ। ਪ੍ਰੋ. ਤਿਵਾੜੀ ਨੇ ਯੂਨੀਵਰਸਿਟੀ ਪਰਿਵਾਰ ਨੂੰ ਸਥਾਨਕ ਅਤੇ ਰਾਸ਼ਟਰੀ ਮੁੱਦਿਆਂ ਦੇ ਹੱਲ ਲੱਭਣ ਲਈ ਖੋਜ ਕਰਨ ਅਤੇ ਸਮਾਜ ਨਾਲ ਮਜਬੂਤ ਰਿਸ਼ਤਾ ਕਾਇਮ ਕਰਨ ਲਈ ਆਊਟਰੀਚ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ।