ਸਰੀ, 9 ਅਗਸਤ 2020-ਸਰੀ ਦੇ ਕਲੋਵਰਡੇਲ ਏਰੀਆ ਵਿਚ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਕੈਂਪਸ ਦੇ ਕੋਲ 5500 ਬਲਾਕ ਅਤੇ 180 ਸਟ੍ਰੀਟ ਵਿਖੇ ਬਣਨ ਵਾਲੇ ਦੂਜੇ ਨਵੇਂ ਹਸਪਤਾਲ ਵਿਚ ਕੈਂਸਰ ਸੈਂਟਰ ਵੀ ਸਥਾਪਿਤ ਕੀਤਾ ਜਾਵੇਗਾ ਜਿਸ ਨਾਲ ਸਰੀ ਅਤੇ ਆਸ-ਪਾਸ ਦੇ ਲੋਕਾਂ ਨੂੰ ਕੈਂਸਰ ਦੇ ਇਲਾਜ ਵਾਸਤੇ ਵਧੀਆ ਸਹੂਲਤਾਂ ਉਪਲਬਧ ਹੋਣਗੀਆਂ।
ਇਸ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਬੀਸੀ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਤਹਿਤ ਕੈਂਸਰ ਦੇ ਇਲਾਜ ਲਈ ਸਰੀ ਦੇ ਲੋਕਾਂ ਨੂੰ ਨਵੇਂ ਹਸਪਤਾਲ ਵਿਚ ਕੈਂਸਰ ਦੇ ਇਲਾਜ ਅਤੇ ਖੋਜ ਸਬੰਧੀ ਵਿਸ਼ੇਸ਼ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੈਂਸਰ ਸੈਂਟਰ ‘ਚ ਕੈਂਸਰ ਦੇ ਇਲਾਜ ਦੇ ਨਾਲ ਨਾਲ ਸਹਾਇਕ ਦੇਖਭਾਲ, ਖੋਜ ਸਬੰਧੀ ਕਾਰਜ, ਸਿੱਖਿਆ ਅਤੇ ਤਕਨਾਲੋਜੀ ਸਹੂਲਤਾਂ ਆਦਿ ਵੀ ਸ਼ਾਮਲ ਕੀਤੇ ਜਾਣਗੇ।
ਬੀਸੀ ਦੇ ਸੂਬਾਈ ਸਿਹਤ ਮੰਤਰੀ ਐਡਰਿਅਨ ਡਿਕਸ ਨੇ ਕਿਹਾ ਕਿ ਸਰੀ ਦਾ ਇਹ ਦੂਜਾ ਹਸਪਤਾਲ ਸਿਹਤ ਸੰਭਾਲ ਸਬੰਧੀ 21ਵੀਂ ਸਦੀ ਦਾ ਇੱਕ ਅਤਿ-ਆਧੁਨਿਕ ਕੇਂਦਰ ਬਣੇਗਾ ਅਤੇ ਇਸ ਵਿਚ ਹੁਣ ਕੈਂਸਰ ਦੇ ਇਲਾਜ ਦੀਆਂ ਸੇਵਾਵਾਂ ਵੀ ਸ਼ਾਮਲ ਕਰਕੇ ਇਸ ਨੂੰ ਹੋਰ ਆਧੁਨਿਕ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰੀ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਥੇ ਆਉਣ ਵਾਲੇ ਸਮੇਂ ਵਿਚ ਕੈਂਸਰ ਦੀ ਦੇਖਭਾਲ ਸਬੰਧੀ ਮੰਗ ਵੀ ਵਧੇਗੀ। ਬੀ.ਸੀ. ਸਰਕਾਰ ਵਲੋਂ ਭਵਿੱਖ ਵਿਚ ਲੋਕਾਂ ਦੀ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀ.ਸੀ. ਵਿਚ ਐਬਟਸਫੋਰਡ, ਵੈਨਕੂਵਰ, ਕੈਲੋਨਾ, ਪ੍ਰਿੰਸ ਜਾਰਜ ਅਤੇ ਵਿਕਟੋਰੀਆ ਤੋਂ ਬਾਅਦ ਸਰੀ ਵਿਚ ਇਹ ਸੱਤਵਾਂ ਸੂਬਾਈ ਕੈਂਸਰ ਸੈਂਟਰ ਹੋਵੇਗਾ।