ਲੰਡਨ, 9 ਅਗਸਤ, 2020 : ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਸਿੱਖਾਂ ਲਈ ਆਜ਼ਾਦ ਮੁਲਕ ਦੀ ਮੰਗ ਕਰਨ ਦੀ ਨਿਖੇਧੀ ਕੀਤੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹਨਾਂ ਦੀ ਸਰਕਾਰ ਖਾਲਿਸਤਾਨ ਲਹਿਰ ਦੀ ਹਮਾਇਤ ਨਹੀਂ ਕਰਦੀ।
ਸ਼ੁੱਕਰਵਾਰ ਨੂੰ ਬ੍ਰਿਟਿਸ਼ ਵਪਾਰੀ ਲਾਰਡ ਰਮਿੰਦਰ ਰਮੀ ਰੇਂਜਰ ਨੇ ਟਵੀਟ ਕੀਤਾ ਕਿ ਮੇਰੀ ਅੱਜ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਬ੍ਰਿਟਿਸ਼ ਸਰਕਾਰ ਖਾਲਿਸਤਾਨ ਲਹਿਰ ਦੀ ਹਮਾਇਤ ਨਹੀਂ ਕਰਦੀ। ਪ੍ਰਧਾਨ ਮੰਤਰੀ ਦਾ ਸ਼ੁਕਰੀਆ। ਉਹਨਾਂ ਦੇ ਕਮੈਂਟਾ ‘ਤੇ ਲੇਬਰ ਪਾਰਟੀ ਦੇ ਬਰਮਿੰਘਮ ਤੋਂ ਐਮ ਪੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਵੈ ਨਿਰਣੇ ਦਾ ਸਿਧਾਂਤ ਸੰਯੁਕਤ ਰਾਸ਼ਟਰ ਦੇ ਚਾਰਟਰ 1 ਵਿਚ ਦਰਜ ਹੈ। ਇਹ ਮਨੁੱਖੀ ਅਧਿਕਾਰ ਦੇ ਦੋ ਨੇਮਾਂ ਵਿਚੋਂ ਪਹਿਲਾ ਅਧਿਕਾਰ ਹੈ। ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਦੀ ਟਿੱਪਣੀ ‘ਤੇ ਯੂ ਕੇ ਵਿਚ ਰਹਿੰਦ ਭਾਰਤੀਆਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਸ਼ੇਖਾਵਤ ਜੋ ਲੰਡਨ ਆਧਾਰਿਤ ਪੱਤਰਕਾਰ ਹੈ, ਨੇ ਲਿਖਿਆ ਕਿ ਖਾਲਿਸਤਾਨ ਇਕ ਜਾਅਲੀ ਵਿਚਾਰ ਹੈ। ਭਾਰਤ ਵਿਚ ਕੋਈ ਵੀ ਖਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ। ਭਾਰਤੀ ਸਿੱਖ ਜਾਣਦੇ ਹਨ ਕਿ ਭਾਰਤ ਉਹਨਾਂ ਲਈ ਹੈ ਤੇ ਉਹ ਭਾਰਤ ਲਈ ਹਨ।
ਪਰ ਸਿੱਖ ਫੈਡਰੇਸ਼ਨ ਯੂ. ਕੇ. ਜੋ ਕਥਿਤ ਤੌਰ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਇਸ਼ਾਰਿਆਂ ਮੁਤਾਬਕ ਕੰਮ ਕਰ ਰਹੀ ਹੈ, ਪ੍ਰੀਤ ਕੌਰ ਗਿੱਲ ਦੀ ਹਮਾਇਤ ਵਿਚ ਨਿਤਰ ਆਈ ਤੇ ਕਿਹਾ ਕਿ ਸਿੱਖਾਂ ਨੂੰ ਆਪਣੀ ਸਰਜਮੀਂ ਦਾ ਕਾਨੂੰਨੀ ਤੇ ਇਤਿਹਾਸਕ ਅਧਿਕਾਰ ਹੈ। ਬਰਤਾਨੀਆ ਨੇ ਸਿੱਖ ਰਾਜ ਬਾਰੇ ਜੋ ਸਮਝੌਤੇ ਕੀਤੇ ਸਨ, ਉਹ ਅੱਜ ਵੀ ਵੈਲਿਡ ਹਨ। ਬ੍ਰਿਟਿਸ਼ ਤੇ ਨਹਿਰੂ/ਗਾਂਧੀ ਕਾਂਗਰਸ ਵੱਲੋਂ 1947 ਵਿਚ ਦਿੱਤਾ ਗਿਆ ਧੋਖਾ ਹੀ ਸਿੱਖ ਕ੍ਰਾਂਤੀਕਾਰੀ ਮੁਹਿੰਮਾਂ ਦਾ ਮੁੱਖ ਕਾਰਨ ਹੈ। ਆਜ਼ਾਦੀ ਮਿਲਣ ਤੱਕ ਇਹ ਰੁਕਣਗੀਆਂ ਨਹੀਂ।
ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਜਾਅਲੀ ਦਾਅਵਿਆਂ ਤੇ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਪ੍ਰੀਤ ਕੌਰ ਗਿੱਲ ਦੇ ਬਿਆਨਾਂ ਦਾ ਟਾਕਰਾ ਕਰਦਿਆਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਪੰਜਾਬ ਜਾ ਕੇ ਦਾ ਖਾਲਿਸਤਾਨ ਪਾਰਟੀ ਬਣਾ ਲਵੋ ਤੇ ਇਸਦੇ ਚੋਣ ਮਨੋਰਥ ਪੱਤਰ ਵਿਚ ਸਪਸ਼ਟ ਲਿਖੋ ਕਿ ਸਿੱਖਾਂ ਲਈ ਆਜ਼ਾਦ ਸਿੱਖ ਰਾਜ ਸਥਾਪਿਤ ਕੀਤਾ ਜਾਵੇਗਾ। ਸ਼ੁਰੂਆਤ ਵਜੋਂ ਤੁਸੀਂ ਆਪਣਾ ਬ੍ਰਿਟਿਸ਼ ਪਾਸਪੋਰਟ ਤਿਆਗ ਦੇਵੋ ਤੇ ਪੰਜਾਬ ਚਲੇ ਜਾਵੋ ਤਾਂ ਜੋ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਗੰਭੀਰ ਹੋ ।
ਕੈਨੇਡਾ ਅਤੇ ਯੂ. ਕੇ. ਸਰਕਾਰਾਂ ਵੱਲੋਂ ਅਖੌਤੀ 2020 ਪੰਜਾਬ ਰੈਫਰੰਡਮ ਦੀ ਹਮਾਇਤ ਕਰਨ ਤੋਂ ਨਾਂਹ ਕਰਨ ਮਗਰੋਂ ਪੱਛਮ ਵਿਚ ਰਹਿੰਦੇ ਖਾਲਿਸਤਾਨ ਹਮਾਇਤ, ਜਿਹਨਾਂ ਦੀ ਮਦਦ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਕਰ ਰਹੀ ਹੈ, ਮਾਯੂਸ ਹਨ।