ਸਰੀ, 9 ਅਗਸਤ 2020-ਸਰੀ ਵਿਚ ਪੜ੍ਹਦੇ ਮੋਗਾ ਜ਼ਿਲੇ ਦੇ ਪਿੰਡ ਪੁਰਾਣੇ ਵਾਲਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਇਕ ਡਿਗਿਆ ਪਿਆ ਬਟੂਆ ਅਤੇ ਚਾਰ ਹਜਾਰ ਡਾਲਰ ਬਟੂਏ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ।
ਇਸ ਵਿਦਿਆਰਥੀ ਦਾ ਨਾਂ ਹਰਿੰਦਰ ਸਿੰਘ ਹੈ ਜੋ ‘ਸਕਿਪ ਦਾ ਡਿਸ਼ਜ਼’ ਲਈ ਡਲਿਵਰੀ ਦਾ ਕੰਮ ਕਰਦਾ ਹੈ । ਕੰਮ ਕਰਦਿਆਂ ਉਸ ਨੂੰ ਲਾਗਲੇ ਸ਼ਹਿਰ ਲੈਂਗਲੀ ਵਿਖੇ ਇਕ ਸਟਾਪ ਸਾਈਨ ਉਪਰ ਡਿੱਗਿਆ ਪਿਆ ਇੱਕ ਬਟੂਆ ਮਿਲਿਆ। ਉਸ ਨੇ ਬਟੂਆ ਚੁੱਕ ਕੇ ਦੇਖਿਆ ਤਾਂ ਉਸ ਵਿਚ 4 ਹਜਾਰ ਤੋਂ ਵੱਧ ਡਾਲਰ ਸਨ ਅਤੇ ਕਈ ਕਰੈਡਿਟ ਕਾਰਡ ਸਨ। ਆਪਣਾ ਕੰਮ ਖਤਮ ਕਰਕੇ ਹਰਿੰਦਰ ਬਟੂਏ ਚੋਂ ਮਿਲੇ ਐਡਰੈਸ ਤੇ ਪਹੁੰਚਿਆ ਪਰ ਉਸ ਨੂੰ ਉਥੇ ਕੋਈ ਨਾ ਮਿਲਿਆ। ਉਸ ਨੇ ਕਾਰਡਾਂ ਤੋਂ ਮਿਲੇ ਫ਼ੋਨ ਨੰਬਰ ‘ਤੇ ਸੰਪਰਕ ਕੀਤਾ ਪਰ ਕੋਈ ਰਿਸਪੌਂਸ ਨਾ ਮਿਲਿਆ।
ਦੂਜੇ ਦਿਨ ਬਟੂਏ ਦੇ ਮਾਲਕ ਨਾਲ ਹਰਿੰਦਰ ਦਾ ਸੰਪਰਕ ਹੋਇਆ। ਉਹ ਇਰਾਨੀ ਮੂਲ ਦਾ ਆਦਮੀ ਸੀ। ਹਰਿੰਦਰ ਸਿੰਘ ਨੇ ਜਦੋਂ ਉਸ ਨੂੰ ਬਟੂਆ ਫੜਾਇਆ ਤਾਂ ਈਰਾਨੀ ਬਹੁਤ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਜਬਰਦਸਤੀ ਕੁਝ ਡਾਲਰ ਇਨਾਮ ਵਜੋਂ ਹਰਿੰਦਰ ਸਿੰਘ ਦੀ ਜੇਬ ਵਿਚ ਪਾ ਕੇ ਉਸ ਦਾ ਸ਼ੁਕਰਾਨਾ ਕੀਤਾ।