ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਇਕ ਵਾਰ ਫਿਰ ਸੂਬੇ ਵਿਚ ਡਰੱਗ ਦੀ ਵੱਡੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਹਿਸਾਰ ਜਿਲ੍ਹੇ ਵਿਚ ਇਕ ਟਰੱਕ ਤੋਂ 527 ਕਿਲੋ 800 ਗ੍ਰਾਮ ਡੋਡਾ ਪੋਸਤ ਜਬਤ ਕੀਤਾ ਹੈ। ਇਸ ਸਿਲਸਿਲੇ ਵਿਚ ਇਕ ਦੋਸ਼ੀ ਨੂੰ ਗਿਰਫਤਾਰ ਵੀ ਕੀਤਾ ਗਿਆ ਹੈ।ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਤ ਵਿਚ ਗਸ਼ਤ ਦੌਰਾਨ ਪੁਲਿਸ ਟੀਮ ਨੂੰ ਇਕ ਟਰੱਕ ਵਿਚ ਡਰੱਗ ਦੀ ਤਸਕਰੀ ਦੇ ਬਾਰੇ ਵਿਚ ਇਕ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੰਗਾਲੀ-ਕੈਮਰੀ ਰੋਡ ‘ਤੇ ਬੈਰੀਕੇਟਸ ਲਗਾ ਕੇ ਇਕ ਟਰੱਕ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ, ਤਾਂ ਟੀਮ ਨੂੰ ਬਾਦਾਮ ਦੇ ਕੱਟਿਆਂ ਦੇ ਪਿੱਛੇ ਲੁਕਾਏ ਗਏ 29 ਕੱਟਿਆਂ ਵਿਚ 527 ਕਿਲੋ 800 ਗ੍ਰਾਮ ਡੋਡਾ ਪੋਸਤ ਬਰਾਮਦ ਹੋਇਆ।ਇਸ ਦੌਰਾਨ ਫੜੇ ਗਏ ਦੋਸ਼ੀ ਦੀ ਪਹਿਚਾਣ ਫਤਿਹਾਬਾਦ ਜਿਲੇ ਦੇ ਰਹਿਣ ਵਾਲੇ ਰਾਜੇਂਦਰ ਵਜੋ ਹੋਈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਗਿਰਫਤਾਰ ਦੋਸ਼ੀ ਆਪਣੇ ਸਹਿਯੋਗੀ ਦੇ ਨਾਲ ਨਸ਼ੀਲੇ ਪਦਾਰਥ ਦੀ ਤਸਕਰੀ ਕਰਦਾ ਸੀ। ਉਹ 4 ਫਰਵਰੀ ਨੂੰ ਮੁੰਬਈ ਤੋਂ ਚਲਿਆ ਸੀ ਅਤੇ ਮੰਗਲਵਾੜਾ (ਰਾਜਸਤਾਨ) ਤੋਂ ਹੁੰਦੇ ਹੋਏ ਹਿਸਾਰ ਪਹੁੰਚਿਆ, ਮੰਗਲਵਾੜਾ ਤੋਂ ਉਸ ਨੇ ਵਾਹਨ ਵਿਚ 29 ਬੈਗ ਡੋਡਾ ਪੋਸਤ ਲੋਡ ਕੀਤਾ ਸੀ।ਦੋਸ਼ੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।